ਸਾਨ ਫਰਾਂਸਿਸਕੋ, 23 ਅਕਤੂਬਰ (ਐਸ. ਅਸ਼ੋਕ ਭੌਰਾ)-ਪਿਛਲੇ ਦਿਨੀਂ ਟਰੱਕ ਚਾਲਕ ਹਰਜਿੰਦਰ ਸਿੰਘ ਦੇ ਯੂ-ਟਰਨ ਸੜਕ ਹਾਦਸੇ ਦਾ ਮਾਮਲਾ ਠੰਢਾ ਨਹੀਂ ਪਿਆ ਸੀ ਕਿ ਇਕ ਹੋਰ 21 ਸਾਲਾ ਪੰਜਾਬੀ ਡਰਾਈਵਰ ਨੇ ਤਿੰਨ ਬੇਕਸੂਰ ਵਿਅਕਤੀਆਂ ਦੀ ਜਾਨ ਲੈ ਕੇ ਡਰਾਈਵਰ ਭਾਈਚਾਰੇ, ਖ਼ਾਸਕਰ ਪੰਜਾਬੀਆਂ ਲਈ ਅਮਰੀਕਾ 'ਚ ਹੋਰ ਕੰਡੇ ਵਿਛਾ ਕੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਨਸਲੀ ਭਿੰਨ ਭੇਦ ਕਰਨ ਵਾਲੇ ਲੋਕਾਂ ਨੂੰ ਭਾਰਤੀ ਲੋਕਾਂ ਵਿਰੁੱਧ ਨਫ਼ਰਤ ਦੀ ਜ਼ਹਿਰ ਕੱਢਣ ਦਾ ਮੌਕਾ ਫਿਰ ਮਿਲ ਗਿਆ ਹੈ | ਅਜਿਹਾ ਸੋਸ਼ਲ ਮੀਡੀਆ ਤੇ ਟਰੋਲ ਕਰਨ ਦੀਆਂ ਖ਼ਬਰਾਂ ਵੀ ਹਨ | ਯੂਬਾ ਸਿਟੀ ਦੇ 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਵਜੋਂ ਪਹਿਚਾਣੇ ਗਏ ਸੈਮੀ-ਟਰੱਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਅਤੇ ਵਾਹਨਾਂ ਨੂੰ ਟੱਕਰ ਮਾਰਨ ਲਈ ਗਿ੍ਫ਼ਤਾਰ ਕਰ ਲਿਆ ਗਿਆ ਹੈ | ਓਨਟਾਰੀਓ, ਕੈਲੀਫੋਰਨੀਆ ਵਿਚ 10 ਫ੍ਰੀਵੇਅ 'ਤੇ ਮੰਗਲਵਾਰ ਵਾਪਰੇ ਇਸ ਖਤਰਨਾਕ ਹਾਦਸੇ 'ਚ ਇਕ ਟਰੱਕ ਨੇ ਅਨੇਕਾਂ ਵਾਹਨਾਂ ਨੂੰ ਕੁਚਲਣ ਵਰਗੀ ਸਥਿਤੀ ਪੈਦਾ ਕੀਤੀ ਤੇ ਬਰੇਕ ਤੱਕ ਨਹੀਂ ਲਗਾਈ ਜਾਂ ਨਹੀਂ ਲੱਗੀ, ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ 2022 ਵਿਚ ਬਾਰਡਰ ਲੰਘ ਕੇ ਗਲਤ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਇਆ ਸੀ | ਇਸ ਦਿਲਕੰਬਾਊ ਹਾਦਸੇ 'ਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਘੱਟੋ-ਘੱਟ ਚਾਰ ਹੋਰ ਜ਼ਖ਼ਮੀ ਹੋ ਗਏ ਦੱਸੇ ਜਾ ਰਹੇ ਹਨ | ਹਾਦਸਾ ਡੈਸ਼ਕੈਮ ਵੀਡੀਓ 'ਤੇ ਕੈਦ ਹੋ ਗਿਆ ਜੋ ਇਸ ਘਾਤਕ ਹਾਦਸੇ ਨੂੰ ਤਸਦੀਕ ਵੀ ਕਰਦਾ ਸਾਫ਼ ਨਜ਼ਰ ਆ ਰਿਹਾ ਹੈ | ਫੁਟੇਜ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਸੈਮੀ-ਟਰੱਕ ਇਕ ਐਸ.ਯੂ. ਵੀ ਦੇ ਪਿੱਛੇ ਟਕਰਾਉਂਦਾ ਹੈ ਅਤੇ ਫਿਰ ਉਸੇ ਲੇਨ ਵਿਚ ਕਈ ਹੋਰ ਵਾਹਨਾਂ ਨੂੰ ਧੱਕਦਿਆਂ ਬੁਰੀ ਤਰ੍ਹਾਂ ਟੱਕਰ ਮਾਰਦਾ ਹੈ ਤੇ ਕਈ ਵਾਹਨਾਂ, ਜਿਨ੍ਹਾਂ 'ਚੋਂ ਕੁਝ ਨੂੰ ਅੱਗ ਲੱਗਣ ਦੀ ਵੀ ਖ਼ਬਰ ਹੈ, ਦਰੜਦਿਆਂ ਦੂਜੇ ਪਾਸੇ ਖੜੇ੍ਹ ਇਕ ਟਰੱਕ ਨਾਲ ਟਕਰਾ ਕੇ ਰੁਕ ਜਾਂਦਾ ਹੈ | ਹਾਦਸਾ ਏਨੀ ਤੇਜ਼ੀ ਨਾਲ ਵਾਪਰਦਾ ਹੈ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਹੀ ਨਹੀਂ ਮਿਲਦਾ | ਐਸ.ਯੂ.ਵੀ. ਨਾਲ ਟਕਰਾਉਣ ਵਾਲੇ ਫਰੇਟਲਾਈਨਰ ਟਰੱਕ-ਟ੍ਰੇਲਰ ਦੇ ਡਰਾਈਵਰ ਯੂਬਾ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਗੱਡੀ ਚਲਾਉਣ ਅਤੇ ਵਾਹਨਾਂ ਨਾਲ ਟੱਕਰ ਮਾਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਕੈਲੀਫੋਰਨੀਆ ਹਾਈਵੇਅ ਪੈਟਰੋਲ ਅਫ਼ਸਰ ਰੋਡਰਿਜੋ ਜੀਮੇਨਜ਼ ਅਨੁਸਾਰ ਮੈਡੀਕਲ ਜਾਂਚ ਉਪਰੰਤ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ | ਪੀੜਤਾਂ 'ਚੋਂ ਇਕ ਦੀ ਪਹਿਚਾਣ ਅੱਪਲੈਂਡ ਦੇ 54 ਸਾਲਾ ਵਿਅਕਤੀ ਵਜੋਂ ਹੋਈ ਹੈ ਪਰ ਉਸ ਦਾ ਨਾਂਅ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਦੋ ਹਾਦਸੇ 'ਚ ਬੁਰੀ ਤਰ੍ਹਾਂ ਸੜ ਜਾਣ ਕਾਰਨ ਹਾਲੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ¢ ਟਰੱਕ ਅੰਦਰ ਤਕਨੀਕੀ ਨੁਕਸ ਪੈਣ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ | ਫਰੀਵੇਅ 'ਤੇ ਹਾਦਸੇ ਕਾਰਨ ਕਈ ਘੰਟਿਆਂ ਤੱਕ ਲੰਮੇ ਜਾਮ 'ਚ ਲੋਕ ਪ੍ਰੇਸ਼ਾਨ ਵੀ ਹੁੰਦੇ ਰਹੇ¢