29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੱਚ ਸਾਹਮਣੇ ਲਿਆਉਣ ਕਾਰਨ ਮਿਲ ਰਹੀਆਂ ਨੇ ਧਮਕੀਆਂ-ਸ਼ਮਸੁਦੀਨ ਚੌਧਰੀ

ਅਜੀਤ ਡੈਸਕ 24-10-2025
ਪੰਚਕੂਲਾ, (ਕਪਿਲ)-ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ | ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਫਾਈਨਲ ਵਿਸਰਾ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋਵੇਗਾ | ਉਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਤੇਜ਼ ਹੋ ਗਈ ਹੈ | ਇਸ ਮਾਮਲੇ 'ਚ ਸ਼ਿਕਾਇਤਕਰਤਾ ਸ਼ਮਸੁਦੀਨ ਚੌਧਰੀ ਨੇ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਡੀ. ਜੀ. ਪੀ. ਮੁਸਤਫਾ ਵਲੋਂ ਮਲੇਰਕੋਟਲਾ ਅਤੇ ਪੰਚਕੂਲਾ 'ਚ ਬਣਾਈਆਂ ਗਈਆਂ ਜਾਇਦਾਦਾਂ ਦੀ ਵੀ ਸੀ. ਬੀ. ਆਈ. ਜਾਂਚ ਹੋਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ | ਜ਼ਿਕਰਯੋਗ ਹੈ ਕਿ ਸ਼ਮਸੁਦੀਨ ਚੌਧਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ | ਇਸ ਤੋਂ ਬਾਅਦ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਵੀ ਸ਼ਿਕਾਇਤਕਰਤਾ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ | ਉਨ੍ਹਾਂ ਕਿਹਾ ਕਿ ਉਹ ਉਸ ਨੂੰ ਜਾਣਦੇ ਨਹੀਂ ਅਤੇ ਨਾ ਹੀ ਉਹ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹੈ | ਇਥੋਂ ਤੱਕ ਕਿ ਉਨ੍ਹਾਂ ਨੇ ਸ਼ਮਸੁਦੀਨ ਚੌਧਰੀ 'ਤੇ ਨਿੱਜੀ ਟਿੱਪਣੀ ਵੀ ਕੀਤੀ ਸੀ | ਇਸ ਤੋਂ ਬਾਅਦ ਸ਼ਮਸੁਦੀਨ ਚੌਧਰੀ ਐਸ. ਆਈ. ਟੀ. ਹੈੱਡ ਏ. ਸੀ. ਪੀ. ਵਿਕਰਮ ਨਹਿਰਾ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ, ਜਿਥੇ ਉਨ੍ਹਾਂ ਕਿਹਾ ਸੀ ਕਿ ਸਾਬਕਾ ਡੀ. ਜੀ. ਪੀ. ਦਾ ਕਹਿਣਾ ਹੈ ਕਿ ਉਹ ਉਸ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਹ ਉਨ੍ਹਾਂ ਦਾ ਗੁਆਂਢੀ ਹੈ | ਇਸ ਮੌਕੇ ਸ਼ਮਸੁਦੀਨ ਚੌਧਰੀ ਨੇ ਇਕ ਵੋਟਰ ਸੂਚੀ ਪੇਸ਼ ਕੀਤੀ ਸੀ, ਜਿਸ 'ਚ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਅਤੇ ਉਸ ਦੀ ਆਪਣੀ ਵੋਟ ਇਕੋ ਇਲਾਕੇ 'ਚ ਦਰਜ ਹੈ | ਉਨ੍ਹਾਂ ਕਿਹਾ ਕਿ ਜੇਕਰ ਮੁਸਤਫਾ ਉਥੇ ਨਹੀਂ ਰਹਿੰਦੇ ਤਾਂ ਫਿਰ ਵੋਟਰ ਸੂਚੀ ਗ਼ਲਤ ਕਿਵੇਂ ਹੈ ਅਤੇ ਕੀ ਇਹ ਵੋਟ ਚੋਰੀ ਦਾ ਮਾਮਲਾ ਨਹੀਂ ਬਣਦਾ | ਅੱਜ ਸ਼ਮਸੁਦੀਨ ਚੌਧਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਡੀ. ਜੀ. ਪੀ. ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਘਰ ਉਸ ਦੇ ਘਰ ਤੋਂ 2 ਕਿੱਲੋਮੀਟਰ ਦੂਰ ਹੈ ਪਰ ਵੋਟ ਤਾਂ ਸ਼ਹਿਰ ਦੇ ਅੰਦਰ ਹੀ ਹੈ | ਸ਼ਮਸੁਦੀਨ ਚੌਧਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮੁਸਤਫਾ ਨਾਲ ਕੋਈ ਪਰਿਵਾਰਕ ਰਿਸ਼ਤਾ ਨਹੀਂ | ਉਨ੍ਹਾਂ ਕਿਹਾ ਕਿ ਮਲੇਰਕੋਟਲਾ 'ਚ ਜਿਥੇ ਮੁਸਤਫਾ ਦਾ ਘਰ ਹੈ, ਉਥੇ ਹੀ ਉਸ ਦਾ ਵੀ ਘਰ ਹੈ ਅਤੇ ਇਹ ਗੱਲ ਉਨ੍ਹਾਂ ਦੇ ਭਰਾਵਾਂ ਤੋਂ ਪੁੱਛੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ 2017 ਦੀਆਂ ਚੋਣਾਂ ਦੌਰਾਨ ਉਹ ਮੁਸਤਫਾ ਨਾਲ ਮਿਲੇ ਸਨ ਅਤੇ ਉਸ ਸਮੇਂ ਮੁਸਤਫਾ ਦੇ ਦੋਸਤ ਉਨ੍ਹਾਂ ਨੂੰ ਆਪਸ 'ਚ ਮਿਲਾਉਣ ਲਈ ਲੈ ਕੇ ਗਏ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਸਾਬਕਾ ਡੀ. ਜੀ. ਪੀ. ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ | ਸ਼ਮਸੁਦੀਨ ਚੌਧਰੀ ਨੇ ਕਿਹਾ ਕਿ ਮਿ੍ਤਕ ਦੀ ਮਾਂ ਰਜ਼ੀਆ ਸੁਲਤਾਨਾ ਜਿਸ ਮੁਹੱਲੇ 'ਚ ਪਲੀ ਹੈ, ਉਹ ਵੀ ਉਸੇ ਮੁਹੱਲੇ 'ਚ ਪਲਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਕਿਸੇ ਆਮ ਆਦਮੀ ਨਾਲ ਸੰਬੰਧਿਤ ਹੁੰਦਾ ਤਾਂ ਹੁਣ ਤੱਕ ਗਿ੍ਫ਼ਤਾਰੀ ਹੋ ਜਾਣੀ ਸੀ ਅਤੇ ਜਾਂਚ ਵੀ ਪੂਰੀ ਹੋ ਜਾਣੀ ਸੀ ਪਰ ਇਸ ਕੇਸ 'ਚ ਹੁਣ ਤੱਕ ਨਾ ਤੋਂ ਕੋਈ ਗਿ੍ਫ਼ਤਾਰੀ ਹੋਈ ਹੈ ਤੇ ਨਾ ਹੀ ਮੋਬਾਈਲ ਜਾਂ ਡਾਇਰੀ ਜ਼ਬਤ ਕੀਤੀ ਗਈ | ਉਨ੍ਹਾਂ ਕਿਹਾ ਕਿ ਕੀ ਸਾਬਕਾ ਮੰਤਰੀਆਂ ਤੇ ਸਿਆਸਤਦਾਨਾਂ ਲਈ ਕਾਨੂੰਨ ਵੱਖਰਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਸੱਚਾਈ ਸਾਹਮਣੇ ਲਿਆਂਦੀ | ਸਾਬਕਾ ਡੀ. ਜੀ. ਪੀ. ਦੁਆਰਾ ਆਪਣੇ ਪੁੱਤਰ ਨੂੰ ਮਾਨਸਿਕ ਰੋਗੀ ਦੱਸਣ ਬਾਰੇ ਸ਼ਮਸੁਦੀਨ ਨੇ ਕਿਹਾ ਕਿ ਜੇਕਰ ਉਹ ਕਹਿੰਦੇ ਹਨ ਕਿ ਉਹ 'ਸਾਈਕੋ' ਸੀ ਤਾਂ ਉਹ ਇਹ ਦੱਸਣ ਕਿ 2022 'ਚ ਇਕ ਐਫ. ਆਈ. ਆਰ. ਨੰਬਰ 17 ਜਿਸ 'ਚ ਮੁਸਤਫਾ ਨੂੰ ਅਦਾਲਤ ਤੋਂ ਸੰਮਨ ਜਾਰੀ ਹੋਇਆ ਸੀ, ਉਸ ਸੰਮਨ ਨੂੰ ਮਿ੍ਤਕ ਅਕੀਲ ਅਖ਼ਤਰ ਨੇ ਖ਼ੁਦ ਕਿਉਂ ਪ੍ਰਾਪਤ ਕੀਤਾ ਸੀ | ਇਸ ਦਾ ਮਤਲਬ ਹੈ ਕਿ ਉਹ ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ | ਉਨ੍ਹਾਂ ਫਿਰ ਦੁਹਰਾਇਆ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਹੋਵੇ |

ਪਿਛਲੀ ਖ਼ਬਰ ਸ਼ਾਹਕੋਟ ਵਿਖੇ ਗਊਸ਼ਾਲਾ 'ਚ 30 ਨੂੰ ਮਨਾਈ ਜਾਵੇਗੀ 'ਗਊ ਅਸ਼ਟਮੀ' <br/> ਅਗਲੀ ਖ਼ਬਰ ਕਰਨ ਯਾਦਵ ਹੋਣਗੇ ਅਫ਼ਗਾਨਿਸਤਾਨ 'ਚ ਭਾਰਤੀ ਰਾਜਦੂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।