ਨਵੀਂ ਦਿੱਲੀ, 4 ਨਵੰਬਰ (ਉਪਮਾ ਡਾਗਾ ਪਾਰਥ)-ਹਵਾਈ ਸਫ਼ਰ ਕਰਨ ਵਾਲਿਆਂ ਨੂੰ ਛੇਤੀ ਹੀ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ | ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵਿਏਸ਼ਨ (ਡੀ.ਜੀ.ਸੀ.ਏ.) ਨੇ ਕੁਝ ਨੇਮਾਂ 'ਚ ਬਦਲਾਅ ਦਾ ਖਰੜਾ ਪੇਸ਼ ਕੀਤਾ ਹੈ, ਜਿਸ ਤਹਿਤ ਹਵਾਈ ਸਫ਼ਰ ਕਰਨ ਵਾਲਿਆਂ ਨੂੰ ਆਪਣੀ ਬੁਕਿੰਗ ਦੇ 48 ਘੰਟੇ ਅੰਦਰ ਟਿਕਟ ਰੱਦ ਕਰਵਾਉਣ ਜਾਂ ਫਿਰ ਇਸ ਨੂੰ ਬਦਲਵਾਉਣ ਦੀ ਸੁਵਿਧਾ, ਬਿਨਾਂ ਕਿਸੇ ਵਾਧੂ ਫ਼ੀਸ ਦੇ, ਮਿਲ ਸਕਦੀ ਹੈ | ਡੀ.ਜੀ.ਸੀ.ਏ. ਹਵਾਬਾਜ਼ੀ ਖੇਤਰ ਦੀ ਨੇਮਬੱਧ ਸੰਸਥਾ ਵਲੋਂ ਪੇਸ਼ ਕੀਤੇ ਪ੍ਰਸਤਾਵ ਮੁਤਾਬਿਕ ਜੇਕਰ ਹਵਾਈ ਟਿਕਟ ਬੁੱਕ ਕਰਵਾਉਣ ਦੇ 48 ਘੰਟਿਆਂ ਅੰਦਰ ਇਸ ਨੂੰ ਰੱਦ ਕਰਵਾਇਆ ਜਾਂਦਾ ਹੈ ਜਾਂ ਇਸ 'ਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸਦੇ ਲਈ ਕਿਸੇ ਤਰ੍ਹਾਂ ਦੀ ਫ਼ੀਸ ਨਹੀਂ ਦੇਣੀ ਪਏਗੀ | ਡੀ.ਜੀ.ਸੀ.ਏ. ਨੇ ਇਹ ਪ੍ਰਸਤਾਵ ਵੀ ਦਿੱਤਾ ਹੈ ਕਿ ਏਜੰਟ ਜਾਂ ਪੋਰਟਲ ਰਾਹੀਂ ਟਿਕਟ ਖ਼ਰੀਦਣ ਦੀ ਸਥਿਤੀ 'ਚ ਵੀ ਰਿਫੰਡ ਦੀ ਜ਼ਿੰਮੇਵਾਰੀ ਹਵਾਈ ਕੰਪਨੀ ਦੀ ਹੋਏਗੀ | ਭਾਵ ਜੇਕਰ ਸਫ਼ਰ ਕਰਨ ਵਾਲੇ ਨੇ ਕਿਸੇ ਆਨਲਾਈਨ ਪੋਰਟਲ ਤੋਂ ਵੀ ਟਿਕਟ ਖ਼ਰੀਦੀ ਹੈ ਤਾਂ ਟਿਕਟ ਰੱਦ ਕਰਵਾਉਣ 'ਤੇ ਪੈਸੇ ਰਿਫੰਡ ਕਰਨ ਦੀ ਜ਼ਿੰਮੇਵਾਰੀ ਹਵਾਈ ਕੰਪਨੀ ਦੀ ਹੋਏਗੀ ਕਿਉਂਕਿ ਏਜੰਟ ਜਾਂ ਏਜੰਸੀਆਂ ਏਅਰਲਾਈਨਜ਼ ਦੇ ਨੁਮਾਇੰਦੇ ਵਜੋਂ ਹੀ ਕੰਮ ਕਰਦੇ ਹਨ | ਡੀ.ਜੀ.ਸੀ.ਏ. ਨੇ ਰਕਮ ਵਾਪਸੀ ਦਾ ਅਮਲ 21 ਕੰਮਕਾਜੀ ਦਿਨਾਂ ਅੰਦਰ ਪੂਰਾ ਕਰਨ ਦਾ ਪ੍ਰਸਤਾਵ ਦਿੱਤਾ ਹੈ | ਹਾਲਾਂਕਿ ਡੀ.ਜੀ.ਸੀ.ਏ. ਨੇ ਕੁਝ ਸ਼ਰਤਾਂ ਵੀ ਰਖੀਆਂ ਹਨ ਜਿਵੇਂ ਘਰੇਲੂ ਉਡਾਣਾਂ ਲਈ ਕੈਂਸਲੇਸ਼ਨ ਬੁਕਿੰਗ ਦੇ ਸਮੇਂ ਤੋਂ ਘੱਟੋ-ਘੱਟ 5 ਦਿਨ ਪਹਿਲਾਂ ਹੋਣੀ ਚਾਹੀਦੀ ਹੈ ਜਦਕਿ ਅੰਤਰਰਾਸ਼ਟਰੀ ਉਡਾਣਾਂ ਲਈ ਇਹ ਸਮਾਂ ਹੱਦ 15 ਦਿਨ ਦੀ ਹੈ | ਡੀ.ਜੀ.ਸੀ.ਏ. ਨੇ ਇਨ੍ਹਾਂ ਨੇਮਾਂ ਦੇ ਖਰੜੇ 'ਤੇ 30 ਨਵੰਬਰ ਤੱਕ ਪ੍ਰਤੀਕਰਮ ਮੰਗੇ ਹਨ |