ਚੰਡੀਗੜ੍ਹ, 4 ਨਵੰਬਰ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਜਨਰਲ ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ | ਰਾਜ ਦੇ ਸਕੱਤਰ ਬਿਜਲੀ ਵਿਭਾਗ ਬਸੰਤ ਗਰਗ ਵਲੋਂ ਅੱਜ ਜਾਰੀ ਹੁਕਮਾਂ ਅਨੁਸਾਰ ਇਹ ਫੈਸਲਾ ਗੰਭੀਰ ਦੁਰਵਿਵਹਾਰ ਦੇ ਦੋਸ਼ਾਂ ਕਾਰਨ ਲਿਆ ਗਿਆ | ਹੁਕਮਾਂ 'ਚ ਦੱਸਿਆ ਗਿਆ ਕਿ ਪੀ.ਐਸ.ਪੀ.ਸੀ.ਐਲ. ਕੋਲ ਪਛਵਾੜਾ (ਝਾਰਖੰਡ) ਵਿਖੇ ਆਪਣੀ ਕੋਲੇ ਦੀ ਖਾਨ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੀ ਫਿਊਲ ਲਾਗਤ 75 ਪੈਸੇ ਤੋਂ ਲੈ ਕੇ 1.25 ਰੁਪਏ ਪ੍ਰਤੀ ਯੂਨਿਟ ਮਹਿੰਗੀ ਪੈ ਰਹੀ ਹੈ, ਜਿਸ ਨਾਲ ਪੀ.ਐਸ.ਪੀ.ਸੀ.ਐਲ. ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ | ਇਸ ਤੋਂ ਸਪੱਸ਼ਟ ਹੈ ਕਿ ਇਸ 'ਚ ਵੱਡੀ ਧਾਂਦਲੀ ਹੋਈ ਹੈ | ਰਾਜ ਦੇ ਨਿੱਜੀ ਖੇਤਰ ਦੇ ਥਰਮਲ ਪਲਾਂਟ ਪਛਵਾੜਾ ਖਾਨ ਦਾ ਕੋਲਾ ਹੀ ਮੁੱਖ ਤੌਰ 'ਤੇ ਵਰਤ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਕੋਲੇ ਦੀ ਲਾਗਤ ਘੱਟ ਆ ਰਹੀ ਸੀ | ਇਹ ਮਾਮਲਾ ਕਈ ਵਿਰੋਧੀ ਤੇ ਹੁਕਮਰਾਨ ਧਿਰ ਦੇ ਵਿਧਾਇਕਾਂ ਵਲੋਂ ਵੀ ਕਈ ਵਾਰ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਵਲੋਂ ਜਾਂਚ ਕੀਤੀ ਗਈ | ਬੀਤੇ ਦਿਨੀਂ ਬਿਜਲੀ ਨਿਗਮ ਦੇ ਮੁਖੀ ਦੇ ਸਕੱਤਰ ਬਿਜਲੀ ਏ.ਕੇ. ਸਿਨਹਾ ਦਾ ਤਬਾਦਲਾ ਵੀ ਇਸੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਸਰਕਾਰ ਵਲੋਂ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਕਮਾਂ 'ਚ ਹਰਜੀਤ ਸਿੰਘ ਦੇ 06 ਜੂਨ 2012 ਦੇ ਨਿਯੁਕਤੀ ਪੱਤਰ ਅਨੁਸਾਰ ਦੁਰਵਿਵਹਾਰ ਦੇ ਦੋਸ਼ 'ਚ ਸਰਕਾਰ ਬਿਨਾਂ ਨੋਟਿਸ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਸਕਦੀ ਹੈ | ਸਰਕਾਰ ਵਲੋਂ ਉਕਤ ਉਪਬੰਧ ਸਨਮੁੱਖ ਹੀ ਉਸ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ | ਹੁਕਮਾਂ 'ਚ ਕਿਹਾ ਗਿਆ ਹੈ ਕਿ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਹੀ ਜਾਰੀ ਕੀਤੇ ਗਏ ਹਨ |