ਜਥੇ 'ਚ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ., ਜੰਮੂ ਤੇ ਉੱਤਰਾਖੰਡ ਦੇ ਸ਼ਰਧਾਲੂ ਸ਼ਾਮਿਲ
ਰਾਜਿੰਦਰ ਸਿੰਘ ਰੂਬੀ
ਗੁਰਦੀਪ ਸਿੰਘ
ਅਟਾਰੀ ਸਰਹੱਦ, 4 ਨਵੰਬਰ-ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਿੱਖ ਸ਼ਰਧਾਲੂਆਂ ਦਾ 1932 ਮੈਂਬਰੀ ਜਥਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਇਆ | ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂਆਂ ਦਾ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਪਹੁੰਚਣ 'ਤੇ ਐਲ.ਪੀ.ਆਈ. ਦੇ ਚੇਅਰਮੈਨ ਸੂਰਜ ਭਾਮ, ਬੀ.ਐਸ.ਐਫ. ਦੇ ਕਮਾਂਡਰ ਵਿਸ਼ਾਲ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ | ਜਥੇ 'ਚ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਤਰਾਖੰਡ, ਯੂ.ਪੀ., ਜੰਮੂ-ਕਸ਼ਮੀਰ ਤੇ ਰਾਜਸਥਾਨ ਦੀਆਂ ਸਿੱਖ ਸੰਗਤਾਂ ਸ਼ਾਮਿਲ ਹਨ | ਸ਼੍ਰੋਮਣੀ ਕਮੇਟੀ ਦੇ ਜਥੇ ਵਲੋਂ ਬੀਬੀ ਗੁਰਿੰਦਰ ਕੌਰ ਭੋਲੂਵਾਲ ਤੇ ਜਥੇਦਾਰ ਗੁਰਮੀਤ ਸਿੰਘ ਬੂਹ ਨੇ ਦੱਸਿਆ ਕਿ ਉਹ 10 ਦਿਨਾ ਪਾਕਿਸਤਾਨ ਯਾਤਰਾ ਦੌਰਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਹਸਨ ਅਬਦਾਲ ਰਾਵਲਪਿੰਡੀ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ, ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂੜਕਾਣਾ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਫਾਰੁਕਾਬਾਦ ਸਮੇਤ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ 13 ਨਵੰਬਰ ਨੂੰ ਭਾਰਤ ਪਰਤ ਆਉਣਗੇੇ | ਪਾਕਿ ਰਵਾਨਾ ਹੋਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਗੁਰੂ ਕੇ ਬਾਗ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ |
ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿ ਪੁੱਜੇ ਸ਼ਰਧਾਲੂਆਂ ਦਾ ਭਰਵਾਂ ਸਵਾਗਤ <br/>
ਅਜੀਤ ਡੈਸਕ
05-11-2025