ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਦੌਰਾਨ ਉਨ੍ਹਾਂ ਹਲਕੇ 'ਚ ਪਾਰਟੀ ਦੀਆਂ ਚੋਣ ਸਰਗਰਮੀਆਂ ਤੋਂ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਉਂਦੇ ਹੋਏ ਦਾਅਵਾ ਕੀਤਾ ਕਿ ਪਾਰਟੀ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ 'ਚ ਲੋਕ ਲਹਿਰ ਬਣੀ ਦਿਖਾਈ ਦੇ ਰਹੀ ਹੈ ਤੇ ਉਹ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਗਗਨਦੀਪ ਸਿੰਘ ਗੱਗੀ ਨੇ ਪਾਰਟੀ ਪ੍ਰਧਾਨ ਨਾਲ ਹਲਕੇ 'ਚ ਚੋਣ ਪ੍ਰਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ 'ਚ ਪਾਰਟੀ ਉਮੀਦਵਾਰ ਦੇ ਹੱਕ 'ਚ ਹੋ ਰਹੀਆਂ ਮੀਟਿੰਗਾਂ 'ਚ ਪਾਰਟੀ ਆਗੂ ਤੇ ਵਰਕਰ ਭਾਰੀ ਜੋਸ਼ ਤੇ ਉਤਸ਼ਾਹ ਨਾਲ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਤੇ ਲੋਕ 'ਆਪ' ਆਗੂਆਂ ਦੇ ਝੂਠ 'ਤੇ ਹੁਣ ਬਿਲਕੁੱਲ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਤੇ ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਾਲ 2027 'ਚ ਬਣਨ ਵਾਲੀ ਸਰਕਾਰ ਦੀ ਨੀਂਹ ਰੱਖੇਗੀ | ਸ. ਗੱਗੀ ਨੇ ਦੱਸਿਆ ਕਿ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਤਰਨ ਤਾਰਨ ਹਲਕੇ 'ਚ ਕੀਤੇ ਜਾ ਰਹੇ ਚੋਣ ਪ੍ਰਚਾਰ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਹਲਕੇ ਦੇ ਲੋਕ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ 'ਆਪ' ਉਮੀਦਵਾਰ ਨੂੰ ਹਰਾ ਕੇ ਦੇਣਗੇ |