ਜਲੰਧਰ, 4 ਨਵੰਬਰ (ਸ਼ਿਵ)-ਅੱਜ ਸ਼ਹਿਰ 'ਚ ਬਾਰਿਸ਼ ਪੈਣ ਨਾਲ ਜਿਥੇ ਹੁਣ ਜਲਦੀ ਹੀ ਮੌਸਮ 'ਚ ਬਦਲਾਅ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਤੇ ਉਥੇ ਕਈ ਦਿਨਾਂ ਤੋਂ ਅਸਮਾਨ 'ਤੇ ਜਹਿਰੀਲੀ ਹਵਾ ਦੇ ਬਣੇ ਗੁਬਾਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ | ਮੌਸਮ ਵਿਭਾਗ ਵਲੋਂ ਕਈ ਦਿਨਾਂ ਤੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਇਨ੍ਹਾਂ ਦਿਨਾਂ ਵਿਚ ਬਾਰਿਸ਼ ਪੈਣ ਨਾਲ ਮੌਸਮ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ ਤੇ ਅੱਜ ਸ਼ਾਮ ਨੂੰ ਬਾਰਿਸ਼ ਪੈਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ | ਉਂਜ ਤਾਂ ਅਸਮਾਨ 'ਚ ਕਈ ਦਿਨਾਂ ਤੋਂ ਜਹਿਰੀਲੀ ਹਵਾ ਦੇ ਗੁਬਾਰ ਬਣੇ ਹੋਏ ਸੀ ਤਾਂ ਦੀਵਾਲੀ 'ਚ ਪਟਾਕੇ ਚੱਲਣ ਤੋਂ ਬਾਅਦ ਇਸ ਗੁਬਾਰ 'ਚ ਹੋਰ ਵੀ ਵਾਧਾ ਹੋ ਗਿਆ ਸੀ ਸਗੋਂ ਕਈ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲੇ ਵੀ ਵਧਣ ਕਾਰਨ ਅਸਮਾਨ 'ਚ ਜਹਿਰੀਲੀ ਹਵਾ ਦਾ ਗੁਬਾਰ ਹੋਰ ਵੀ ਵਧ ਗਿਆ ਸੀ | ਅਸਮਾਨ 'ਤੇ ਛਾਏ ਜਹਿਰੀਲੀ ਹਵਾ ਦੇ ਗੁਬਾਰ ਕਰਕੇ ਵਾਤਾਵਰਨ ਵੀ ਕਾਫੀ ਪ੍ਰਦੂਸ਼ਿਤ ਹੋ ਗਿਆ ਸੀ, ਜਿਸ ਕਰਕੇ ਕਈ ਲੋਕ ਗਲੇ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੋ ਰਹੇ ਸਨ ਪਰ ਅੱਜ ਪਈ ਬਾਰਿਸ਼ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਅਸਮਾਨ ਤੋਂ ਹੁਣ ਜਹਿਰੀਲੀ ਹਵਾ ਦਾ ਗੁਬਾਰ ਵੀ ਖਤਮ ਹੋਣ ਨਾਲ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ | ਬਾਰਿਸ਼ ਦੌਰਾਨ ਕੁਝ ਸਮੇਂ ਤੱਕ ਕਈ ਇਲਾਕਿਆਂ ਵਿਚ ਬਿਜਲੀ ਵੀ ਬੰਦ ਰਹੀ |