ਅਦਾਲਤ ਨੇ 11 ਦਿਨਾਂ ਲਈ ਹਿਰਾਸਤ 'ਚ ਭੇਜਿਆ
ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਹਵਾਲਗੀ ਤਹਿਤ ਭਾਰਤ ਲਿਆਂਦਾ ਗਿਆ | ਐਨ.ਆਈ.ਏ. ਨੇ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਉਤਰਦੇ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ | ਅਨਮੋਲ 'ਤੇ ਕਤਲ, ਅਗਵਾ ਅਤੇ ਫਿਰੌਤੀ ਸਮੇਤ ਗੰਭੀਰ ਦੋਸ਼ ਹਨ ਅਤੇ ਉਹ ਲੰਬੇ ਸਮੇਂ ਤੋਂ ਫ਼ਰਾਰ ਸੀ | ਅਨਮੋਲ ਬਿਸ਼ਨੋਈ ਨੂੰ ਇਥੇ ਸ਼ਾਮ ਕਰੀਬ 5 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ, ਜਿਥੋਂ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਉਸ ਨੂੰ 11 ਦਿਨਾ ਦੀ ਐਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ | ਹਾਲਾਂਕਿ ਐਨ.ਆਈ.ਏ. ਨੇ ਪੁੱਛ-ਗਿੱਛ ਲਈ 15 ਦਿਨਾ ਦੀ ਹਿਰਾਸਤ ਦੀ ਮੰਗ ਕੀਤੀ ਸੀ | ਅਦਾਲਤ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ੇਸ਼ ਸਰਕਾਰੀ ਵਕੀਲ ਰਾਹੁਲ ਤਿਆਗੀ ਨੇ ਕਿਹਾ ਕਿ ਮੁਲਜ਼ਮ ਨੂੰ ਐਨ.ਆਈ.ਏ. ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ 29 ਨਵੰਬਰ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਜਾਏਗਾ | ਵਕੀਲ ਨੇ ਕਿਹਾ ਕਿ ਅਨਮੋਲ ਅੱਤਵਾਦੀ-ਗੈਂਗਸਟਰ ਸਿੰਡੀਕੇਟ ਦਾ ਬਹੁਤ ਮਹੱਤਵਪੂਰਨ ਮੈਂਬਰ ਹੈ ਤੇ ਉਸ ਕੋਲ ਬਹੁਤ ਮਹੱਤਵਪੂਰਨ ਜਾਣਕਾਰੀ ਹੈ | ਜਾਂਚ ਏਜੰਸੀ ਨੇ ਸਿੰਡੀਕੇਟ ਦੀ ਕਾਰਜਪ੍ਰਣਾਲੀ, ਪੈਸੇ ਦੇ ਸੋਮੇ ਅਤੇ ਸਿੰਡੀਕੇਟ ਦੇ ਸੰਚਾਲਨ ਦਾ ਪਤਾ ਲਗਾਉਣ ਦੇ ਆਧਾਰ 'ਤੇ ਉਸ ਦੀ ਹਿਰਾਸਤ ਮੰਗੀ ਸੀ | ਵਕੀਲ ਨੇ ਕਿਹਾ ਕਿ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਭਾਰਤ ਤੋਂ ਕਿਵੇਂ ਦੌੜਿਆ | ਦੱਸਣਯੋਗ ਹੈ ਕਿ ਅਨਮੋਲ ਬਿਸ਼ਨੋਈ 2024 ਵਿਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਘਰ ਹੋਈ ਗੋਲ਼ੀਬਾਰੀ ਮਾਮਲੇ ਵਿਚ ਲੋੜੀਂਦਾ ਸੀ ਅਤੇ ਇਸ ਦੇ ਨਾਲ ਹੀ ਉਹ ਪਿਛਲੇ ਸਾਲ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਵੀ ਮੁੱਖ ਮੁਲਜ਼ਮ ਸੀ | ਅਨਮੋਲ ਦਾ ਨਾਂਅ 2022 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਸਾਹਮਣੇ ਆਇਆ ਸੀ | ਉਹ ਭਾਰਤ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਲੋੜੀਂਦਾ ਹੈ ਸੀ ਤੇ ਐਨ.ਆਈ.ਏ. ਨੇ ਉਸ ਦੀ ਗਿ੍ਫ਼ਤਾਰੀ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ | ਅਮਰੀਕਾ ਆਧਾਰਿਤ ਅਨਮੋਲ ਬਿਸ਼ਨੋਈ 2022 ਤੋਂ ਫਰਾਰ ਸੀ ਅਤੇ ਐਨ.ਆਈ.ਏ. ਦੀ ਚੱਲ ਰਹੀ ਜਾਂਚ 'ਚ ਗਿ੍ਫ਼ਤਾਰ ਕੀਤਾ ਗਿਆ 19ਵਾਂ ਮੁਲਜ਼ਮ ਹੈ | ਜਾਂਚ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਰਚ 2023 'ਚ ਐਨ.ਆਈ.ਏ. ਨੇ ਇਸ ਮਾਮਲੇ 'ਚ ਇਕ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਅਨਮੋਲ ਨੇ 2020 ਅਤੇ 2023 ਦੇ ਵਿਚਕਾਰ ਦੇਸ਼ ਭਰ 'ਚ ਕਈ ਵੱਡੇ ਅਪਰਾਧਾਂ 'ਚ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਸਹਾਇਤਾ ਕੀਤੀ ਸੀ | ਜਾਂਚ ਅਨੁਸਾਰ ਅਨਮੋਲ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗਰੋਹ ਲਈ ਇਕ ਅੱਤਵਾਦੀ ਸਿੰਡੀਕੇਟ ਚਲਾਉਂਦਾ ਸੀ | ਉਸ ਨੇ ਗਰੋਹ ਦੇ ਮੈਂਬਰਾਂ ਨੂੰ ਪਨਾਹ, ਪੈਸਾ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ | ਉਹ ਵਿਦੇਸ਼ੀ ਧਰਤੀ ਤੋਂ ਭਾਰਤ 'ਚ ਧਮਕੀਆਂ ਅਤੇ ਜਬਰੀ ਵਸੂਲੀ 'ਚ ਵੀ ਸ਼ਾਮਿਲ ਸੀ |
ਗੈਂਗਸਟਰ ਅਨਮੋਲ ਬਿਸ਼ਨੋਈ ਐਨ.ਆਈ.ਏ. ਵਲੋਂ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ <br/>
ਅਜੀਤ ਡੈਸਕ
20-11-2025