ਪ੍ਰਧਾਨ ਮੰਤਰੀ ਸਮੇਤ ਐਨ.ਡੀ.ਏ. ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਹੋਣਗੇ ਸ਼ਾਮਿਲ
ਪਟਨਾ, 19 ਨਵੰਬਰ (ਪੀ.ਟੀ.ਆਈ.)-ਬਿਹਾਰ 'ਚ ਐਨ.ਡੀ.ਏ. ਦੀ ਸ਼ਾਨਦਾਰ ਜਿੱਤ ਦੇ ਬਾਅਦ ਨਿਤਿਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਵਜੋਂ ਵੀਰਵਾਰ ਨੂੰ ਸਹੁੰ ਚੁੱਕਣਗੇ | ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ ਕਰਵਾਏ ਜਾ ਰਹੇ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਐਨ.ਡੀ.ਏ. ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਕੇਂਦਰੀ ਮੰਤਰੀ ਅਤੇ ਐਨ.ਡੀ.ਏ. ਦੇ ਕਈ ਸੀਨੀਅਰ ਆਗੂ ਵੀ ਸ਼ਾਮਿਲ ਹੋਣਗੇ | ਇਸ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਦੇ ਸੈਂਟਰਲ ਹਾਲ 'ਚ ਹੋਈ ਮੀਟਿੰਗ ਦੌਰਾਨ ਨਿਤਿਸ਼ ਕੁਮਾਰ ਨੂੰ ਐਨ.ਡੀ.ਏ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ | ਜਿਸ ਤੋਂ ਬਾਅਦ ਨਿਤਿਸ਼ ਕੁਮਾਰ ਨੇ ਰਾਜਭਵਨ ਪਹੁੰਚ ਕੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਅਤੇ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ | ਰਾਜਪਾਲ ਨੇ ਨਿਤਿਸ਼ ਕੁਮਾਰ ਦਾ ਅਸਤੀਫ਼ਾ ਸਵੀਕਾਰ ਕਰਕੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਨ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਲਈ ਕਿਹਾ | ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਦੱਸਿਆ ਕਿ ਐਨ.ਡੀ.ਏ. ਵਿਧਾਇਕ ਦਲ ਦੀ ਮੀਟਿੰਗ 'ਚ ਭਾਜਪਾ, ਜੇ.ਡੀ. (ਯੂ), ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ), ਹਿੰਦੋਸਤਾਨੀ ਅਵਾਮ ਮੋਰਚਾ, ਰਾਸ਼ਟਰੀ ਲੋਕ ਮੋਰਚਾ (ਆਰ. ਐਲ. ਐਮ.) ਪਾਰਟੀ ਦੇ ਸਾਰੇ ਨਵੇਂ ਚੁਣੇ ਗਏ ਵਿਧਾਇਕ ਅਤੇ ਨਿਤਿਸ਼ ਕੁਮਾਰ, ਚਿਰਾਗ ਪਾਸਵਾਨ, ਸੰਤੋਸ਼ ਸੁਮਨ, ਉਪੇਂਦਰ ਕੁਸ਼ਵਾਹਾ, ਸਮਰਾਟ ਚੌਧਰੀ, ਵਿਜੇ ਸਿਨਹਾ ਆਦਿ ਮੌਜੂਦ ਸਨ | ਐਨ.ਡੀ.ਏ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਲਈ ਨਿਤਿਸ਼ ਕੁਮਾਰ ਦੇ ਨਾਂਅ ਦਾ ਪ੍ਰਸਤਾਵ ਜੇ.ਡੀ (ਯੂ) ਦੇ ਵਿਜੇ ਚੌਧਰੀ ਨੇ ਪੇਸ਼ ਕੀਤਾ ਅਤੇ ਭਾਜਪਾ ਵਿਧਾਇਕ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਨੇ ਇਸ ਦਾ ਸਮਰਥਨ ਕੀਤਾ | ਜਿਸ ਦੇ ਬਾਅਦ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ ਸਵੇਰੇ 11 ਵਜੇ ਪਟਨਾ ਦੇ ਭਾਜਪਾ ਦਫ਼ਤਰ 'ਚ ਵਿਧਾਇਕ ਦਲ ਦੀ ਮੀਟਿੰਗ ਹੋਈ | ਜਿਸ ਵਿਚ ਸਮਰਾਟ ਚੌਧਰੀ ਨੂੰ ਵਿਧਾਇਕ ਦਲ ਦਾ ਨੇਤਾ ਅਤੇ ਵਿਜੇ ਸਿਨਹਾ ਨੂੰ ਵਿਧਾਨ ਮੰਡਲ ਦਾ ਉਪ-ਨੇਤਾ ਚੁਣਿਆ ਗਿਆ ਹੈ | ਇਸ ਦਾ ਮਤਲਬ ਹੈ ਕਿ ਹੁਣ ਇਹ ਤੈਅ ਹੋ ਗਿਆ ਹੈ ਕਿ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਹੀ ਨਵੀਂ ਸਰਕਾਰ ਵਿਚ ਉਪ-ਮੁੱਖ ਮੰਤਰੀ ਹੋਣਗੇ | ਇਸ ਤੋਂ ਪਹਿਲਾਂ ਜਨਤਾ ਦਲ (ਯੂ) ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪਾਰਟੀ ਸੁਪਰੀਮੋ ਨਿਤਿਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ |
ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ 10ਵੀਂ ਵਾਰ ਅੱਜ ਚੁੱਕਣਗੇ ਸਹੁੰ
ਅਜੀਤ ਡੈਸਕ
20-11-2025