ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਧਰਮਿੰਦਰ ਨੇ ਆਪਣੀ ਜ਼ਿੰਦਗੀ ਦੇ ਅਹਿਮ ਪਲ ਫਗਵਾੜਾ 'ਚ ਬਿਤਾਏ | ਧਰਮਿੰਦਰ 1952 ਮੁੰਬਈ ਚਲੇ ਗਏ ਪਰ ਉਨ੍ਹਾਂ ਦਾ ਮਨ ਹਮੇਸ਼ਾ ਇਸ ਸ਼ਹਿਰ ਨਾਲ ਹੀ ਜੁੜਿਆ ਰਿਹਾ | ਉਨ੍ਹਾਂ ਦਾ ਜਦੋਂ ਵੀ ਮੌਕਾ ਲੱਗਾ ਉਹ ਇੱਥੇ ਆਉਂਦੇ ਰਹਿੰਦੇ ਸਨ ਤੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਕਰਕੇ ਰਹਿੰਦੇ ਸਨ ਤੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਸਨ | ਫ਼ਿਲਮੀ ਅਦਾਕਾਰ ਧਰਮਿੰਦਰ ਆਪਣੀ ਭੂਆ ਦੇ ਘਰ ਇੱਥੋਂ ਦੇ ਸਰਾਫ਼ਾ ਬਾਜ਼ਾਰ 'ਚ ਰਹਿੰਦੇ ਸਨ ਉਨ੍ਹਾਂ ਦੇ ਫੁੱਫੜ ਹਕੀਮ ਗੁਰਦਾਸ ਰਾਮ ਸਨ | ਧਰਮਿੰਦਰ ਦਾ ਭੂਆ ਦੇ ਪੁੱਤਰ ਸਵ. ਅਦਾਕਾਰ ਵਰਿੰਦਰ ਤੇ ਸਤਪਾਲ ਨਾਲ ਗਹਿਰਾ ਪ੍ਰੇਮ ਸੀ ਜਿਸ ਕਾਰਨ ਉਹ ਇੱਥੇ ਰਹਿੰਦੇ ਸਨ | 2006 'ਚ ਧਰਮਿੰਦਰ ਦਾ ਫਗਵਾੜਾ ਨਾਲ ਨਾਤਾ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕੋਆਪਰੇਟਿਵ ਬੈਂਕਾਂ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਪਰਮਾਰ ਤੇ ਉਨ੍ਹਾਂ ਦੇ ਮਰਹੂਮ ਭਰਾ ਸੁਖਜੀਤ ਸਿੰਘ ਪਰਮਾਰ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ | ਪਰਮਾਰ ਕੰਪਲੈਕਸ ਉਹੀ ਜਗ੍ਹਾ ਹੈ ਜਿੱਥੇ ਪਹਿਲਾ ਪੈਰਾਡਾਈਜ਼ ਥੀਏਟਰ ਹੁੰਦਾ ਸੀ ਤੇ ਇਸ ਥੀਏਟਰ 'ਚ ਉਹ ਜਵਾਨੀ 'ਚ ਫ਼ਿਲਮਾਂ ਦੇਖਿਆ ਕਰਦੇ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਅਦਾਕਾਰ ਬਣਨ ਦਾ ਸੁਪਨਾ ਜਗਾਇਆ ਸੀ | ਉਨ੍ਹਾਂ ਦਾ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਐਡਵੋਕੇਟ ਐਸ.ਐਨ. ਚੋਪੜਾ ਨਾਲ ਗਹਿਰਾ ਪਿਆਰ ਸੀ | ਆਰੀਆ ਸਕੂਲ ਦੇ ਪੁਰਾਣੇ ਅਧਿਆਪਕ ਤੇ ਧਰਮਿਦਰ ਦੇ ਪਿਤਾ ਮਾਸਟਰ ਕੇਵਲ ਕ੍ਰਿਸ਼ਨ ਨੇ ਚੰਗੀ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਚੰਗੇ ਮਾਰਗਾਂ ਵੱਲ ਪ੍ਰੇਰਿਆ, ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ |