ਸਾਹਨੇਵਾਲ, 24 ਨਵੰਬਰ (ਹਨੀ ਚਾਠਲੀ)-ਦਿੱਗਜ਼ ਫ਼ਿਲਮੀ ਅਦਾਕਾਰ ਧਰਮਿੰਦਰ ਦਿਉਲ ਦੇ ਦਿਹਾਂਤ ਦੀ ਖ਼ਬਰ ਜਿਵੇਂ ਹੀ ਧਰਮਿੰਦਰ ਦੇ ਜੱਦੀ ਪਿੰਡ ਸਾਹਨੇਵਾਲ ਵਿਖੇ ਪੱੁਜੀ ਤਾਂ ਕਸਬੇ ਦੇ ਲੋਕਾਂ 'ਚ ਇਕਦਮ ਸੋਗ ਦੀ ਲਹਿਰ ਦੌੜ ਗਈ | 1935 'ਚ ਨਸਰਾਲੀ ਪਿੰਡ ਵਿਚ ਜਨਮੇ, ਧਰਮਿੰਦਰ ਦਿਓਲ ਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਪਿਤਾ, ਕੇਵਲ ਕਿਸ਼ਨ ਸਿੰਘ ਦਿਓਲ, ਜੋ ਕਿ ਇਕ ਸਕੂਲ ਅਧਿਆਪਕ ਸਨ, ਦੇ ਸਾਹਨੇਵਾਲ ਤਬਾਦਲੇ ਤੋਂ ਬਾਅਦ ਉੱਥੇ ਹੀ ਵਸ ਗਏ | ਇਸ ਸੰਬੰਧ 'ਚ ਧਰਮਿੰਦਰ ਦਿਉਲ ਦੇ ਬਹੁਤ ਹੀ ਨਜ਼ਦੀਕੀ ਵਰਿੰਦਰ ਕੈਲੇ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਦੋਂ ਵੀ ਧਰਮਿੰਦਰ ਦਿਉਲ ਕਸਬਾ ਸਾਹਨੇਵਾਲ ਵਿਖੇ ਆਉਂਦੇ ਸਨ ਤਾਂ ਉਹ ਸਾਡੇ ਪਰਿਵਾਰ ਨੰੂ ਮਿਲੇ ਬਿਨਾਂ ਕਦੇ ਵਾਪਸ ਮੁੰਬਈ ਨਹੀਂ ਜਾਂਦੇ ਸਨ ਤੇ ਉਹ ਹਮੇਸ਼ਾ ਹੀ ਸਾਡੇ ਪਰਿਵਾਰ ਨਾਲ ਜਿੱਥੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਸਨ | ਉਨ੍ਹਾਂ ਕਿਹਾ ਕਿ ਧਰਮਿੰਦਰ ਦੀ ਇੱਛਾ ਅਨੁਸਾਰ ਉਹ ਉਨ੍ਹਾਂ ਕੋਲ ਮੁੰਬਈ ਵੀ ਜਾ ਕੇ ਆਏ | ਉਨ੍ਹਾਂ ਕਿਹਾ ਕਿ ਧਰਮਿੰਦਰ ਦਿਓਲ ਸਾਹਨੇਵਾਲ ਦੇ ਕਈ ਲੋੜਵੰਦ ਪਰਿਵਾਰਾਂ ਦੀ ਗੁਪਤ ਰੂਪ 'ਚ ਮਦਦ ਵੀ ਕਰਦੇ ਸਨ | ਧਰਮਿੰਦਰ ਨੂੰ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਵਧੇਰੇ ਪਸੰਦ ਸੀ |