ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵੰਡੀ ਜਾ ਰਹੀ ਕਣਕ ਦੀ ਗੁਣਵੱਤਾ ਅਤੇ ਮਾਤਰਾ ਵਿਚ ਪਾਰਦਰਸ਼ਤਾ ਬਣਾਈ ਰੱਖਣ ਲਈ ਸਰਕਾਰੀ ਰਾਸ਼ਨ ਡਿਪੂਆਂ 'ਤੇ ਨਿਯਮਤ ਤੌਰ 'ਤੇ ਅਚਾਨਕ ਨਿਰੀਖਣ ਕਰਦਾ ਰਹੇਗਾ | ਇਸ ਯੋਜਨਾ ਨੂੰ ਲਾਗੂ ਕਰਨ ਵਿਚ ਲਾਪਰਵਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਹ ਗੱਲ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਸਰਕਾਰੀ ਰਾਸ਼ਨ ਡਿਪੂਆਂ ਦੇ ਅਚਨਚੇਤ ਨਿਰੀਖਣ ਦੌਰਾਨ ਕਹੀ | ਵਿਜੇ ਦੱਤ ਨੇ ਗੜ੍ਹਸ਼ੰਕਰ ਖੇਤਰ ਦੇ ਚੱਕ ਗੁਰੂ, ਰੁੜਕੀ ਖਾਸ, ਅਲੀਪੁਰ ਅਤੇ ਬਾਰਨਪੁਰ ਪਿੰਡਾਂ ਵਿਚ ਸਥਿਤ ਰਾਸ਼ਨ ਡਿਪੂਆਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਡਿਜੀਟਲ ਨਮੀ ਮੀਟਰ ਦੀ ਵਰਤੋਂ ਕਰਕੇ ਕਣਕ ਦੇ ਨਮੀ ਦੇ ਪੱਧਰ ਦੀ ਜਾਂਚ ਕੀਤੀ, ਜੋ ਕਿ ਨਿਰਧਾਰਤ ਮਾਪਦੰਡਾਂ ਦੇ ਅੰਦਰ ਪਾਇਆ ਗਿਆ | ਨਿਰੀਖਣ ਦੌਰਾਨ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਅਚਨਚੇਤ ਦੌਰੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਆਪਣਾ ਤਿੰਨ ਮਹੀਨਿਆਂ ਦਾ ਕਣਕ ਦਾ ਕੋਟਾ ਇਕੱਠਾ ਨਹੀਂ ਕੀਤਾ ਹੈ, ਉਹ ਆਪਣੇ ਨਜ਼ਦੀਕੀ ਰਾਸ਼ਨ ਡਿਪੂ ਤੋਂ ਅਜਿਹਾ ਕਰਨ |