ਹੁਸ਼ਿਆਰਪੁਰ, 15 ਜੂਨ (ਹਰਪ੍ਰੀਤ ਕੌਰ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਅੰਡਰ-19 ਮਹਿਲਾ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿਚ ਹੁਸ਼ਿਆਰਪੁਰ ਦੀ ਟੀਮ ਨੇ ਰੋਪੜ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਰੋਪੜ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ | 50 ਓਵਰਾਂ ਦੇ ਮੈਚ ਵਿਚ ਰੋਪੜ ਦੀ ਟੀਮ ਨੇ 7 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾਈਆਂ | ਸਿਮਰਪ੍ਰੀਤ ਨੇ 92 ਅਤੇ ਚਹਿਲਪ੍ਰੀਤ ਨੇ 57 ਦੌੜਾਂ ਦਾ ਯੋਗਦਾਨ ਦਿੱਤਾ | 223 ਦੌੜਾਂ ਦਾ ਟੀਚਾ ਲੈ ਕੇ ਮੈਦਾਨ 'ਚ ਉੱਤਰੀ ਹੁਸ਼ਿਆਰਪੁਰ ਦੀ ਟੀਮ ਨੇ 42.4 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 226 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ | ਕਪਤਾਨ ਸੁਰਭੀ ਨੇ 90 ਅਤੇ ਉਪ ਕਪਤਾਨ ਸੁਹਾਨਾ ਨੇ 61 ਦੌੜਾਂ ਦਾ ਯੋਗਦਾਨ ਦਿੱਤਾ | ਡਾ. ਘਈ ਨੇ ਇਸ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਾਤਾਰ ਦੂਜੀ ਜਿੱਤ ਨਾਲ ਖਿਡਾਰੀਆਂ ਦਾ ਹੌਂਸਲਾ ਹੋਰ ਵਧੇਗਾ | ਇਸ ਜਿੱਤ ਲਈ ਐਸੋਸੀਏਸ਼ਨ ਦੇ ਪ੍ਰਧਾਨ ਡਾ.ਦਲਜੀਤ ਖੇਲਾ, ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਡਾ. ਪੰਕਜ ਸ਼ਿਵ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਟੀਮ ਦੇ ਕੋਚ ਦਵਿੰਦਰ ਕੌਰ ਕਲਿਆਣ, ਟਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਸ਼ਰਮਾ ਆਦਿ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ |