ਗੜ੍ਹਸ਼ੰਕਰ, 15 ਜੂਨ (ਧਾਲੀਵਾਲ)- ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਤੇ ਪਹਿਲਾਂ ਫਿਲੌਰ ਤੇ ਫਗਵਾੜਾ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਤੋਂ ਪ੍ਰਸਾਸ਼ਨ ਨੇ ਸਬਕ ਨਹੀਂ ਲਿਆ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇ ਸਰਕਾਰ ਚਾਹੁੰਦੀ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕ ਸਕਦੀ ਸੀ | ਉਨ੍ਹਾਂ ਗੁਰਪਤਵੰਤ ਸਿੰਘ ਪਨੂੰ ਦੀਆਂ ਕੋਝੀਆਂ ਹਰਕਤਾਂ ਦੀ ਨਿੰਦਾਂ ਕਰਦਿਆਂ ਕਿਹਾ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਏ | ਰਾਠਾਂ ਨੇ ਸੂਬਾ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਇਸ ਨਿਕੰਮੀ ਸਰਕਾਰ ਦੇ ਰਾਜ ਵਿਚ ਨਿੱਤ ਨਵਾਂ ਕੁਝ ਵਾਪਰ ਰਿਹਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਲੁੱਟਣ ਤੋਂ ਬਾਅਦ ਹੁਣ 'ਆਪ' ਵਾਲੇ ਪੰਜਾਬ ਲੁੱਟਣ ਆਏ ਹੋਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਅਤੇ ਪੰਜਾਬ ਦੇ ਲੀਡਰ ਪੰਜਾਬ ਪੁਲਿਸ ਦੇ ਸੈਂਕੜੇ ਗੰਨਮੈਨ ਲੈ ਕੇ ਘੁੰਮ ਰਹੇ ਹਨ ਪਰ ਪੰਜਾਬ ਦੀ ਸੁਰੱਖਿਆ ਦਾ ਕਿਸੇ ਨੂੰ ਵੀ ਖਿਆਲ ਨਹੀਂ | ਉਨ੍ਹਾਂ ਨੂਰਪੁਰ ਜੱਟਾਂ ਘਟਨਾ ਦੇ ਦੋਸ਼ੀਆਂ ਖਿਲਾਫ਼ ਪ੍ਰਸਾਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ |