ਗੜ੍ਹਸ਼ੰਕਰ, 17 ਜੂਨ (ਧਾਲੀਵਾਲ)-ਬਹੁਜਨ ਸਮਾਜ ਪਾਰਟੀ ਵਲੋਂ ਡਾ. ਬੀ.ਆਰ. ਅੰਬੇਡਕਰ ਦੇ ਬੁੱਤਾਂ ਨਾਲ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਸੂਬੇ 'ਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ, ਖੁਰਾਲਗੜ੍ਹ੍ਹ ਸਾਹਿਬ ਵਿਖੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਅਤੇ ਪਿੰਡ ਨੂਰਪੁਰ ਜੱਟਾਂ ਵਿਖੇ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵਲੋਂ 18 ਜੂਨ ਨੂੰ ਗੜ੍ਹਸ਼ੰਕਰ ਸ਼ਹਿਰ 'ਚ ਰੋਸ ਮਾਰਚ ਕਰਕੇ ਡੀ.ਐੱਸ.ਪੀ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਧਰਨੇ ਵਿਚ ਵੱਖ-ਵੱਖ ਆਗੂਆਂ ਤੋਂ ਇਲਾਵਾ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰ ਵਿਸ਼ੇਸ਼ ਤੌਰ 'ਤੇ ਪਹੁੰਚਕੇ ਧਰਨੇ ਨੂੰ ਸੰਬੋਧਨ ਕਰਨਗੇ | ਬਸਪਾ ਆਗੂ ਸੁਖਵਿੰਦਰ ਡਘਾਮ ਨੇ ਦੱਸਿਆ ਕਿ 18 ਜੂਨ ਨੂੰ ਸਵੇਰੇ 10 ਵਜੇ ਸੰਗਤ ਸ੍ਰੀ ਚਰਨਛੋਹ ਗੰਗਾ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗੀ ਤੇ ਉਥੋਂ 11 ਵਜੇ ਗੜ੍ਹਸ਼ੰਕਰ ਲਈ ਕਾਫਲਾ ਰਵਾਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਕਾਫਲਾ ਗੜ੍ਹਸ਼ੰਕਰ ਵਿਖੇ ਪਹੁੰਚਣ 'ਤੇ 12 ਵਜੇ ਸ਼ਹਿਰ 'ਚ ਰੋਸ ਮਾਰਚ ਕਰਕੇ ਡੀ.ਐੱਸ.ਪੀ. ਦਫ਼ਤਰ ਅੱਗੇ ਰੋਸ ਧਰਨਾ ਦੇਣ ਉਪਰੰਤ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ |