ਐਮਾਂ ਮਾਂਗਟ, 17 ਜੂਨ (ਗੁਰਾਇਆ)-ਮਿਲਕ ਪਲਾਂਟ ਦਸੂਹਾ ਵਿਖੇ ਜੋ ਦੁੱਧ ਉਤਪਾਦਕਾਂ ਡੇਅਰੀ ਮਾਲਕਾਂ ਤੇ ਕਿਸਾਨਾਂ ਦੇ ਮੱਕੀ ਦੇ ਬੀਜ ਲਗਭਗ 25 ਲੱਖ ਰੁਪਏ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖ਼ੁਰਦ-ਬੁਰਦ ਕਰ ਦਿੱਤੇ ਗਏ | ਇਸ ਸੰਬੰਧੀ ਗੱਲਬਾਤ ਕਰਦਿਆਂ ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ, ਸਾਬਕਾ ਸਰਪੰਚ ਸੁਰਜੀਤ ਸਿੰਘ ਹਿੰਮਤਪੁਰ ਅਤੇ ਉੱਘੇ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ ਨੇ ਦੱਸਿਆ ਕਿ ਮਿਲਕ ਪਲਾਂਟ ਦਸੂਹਾ ਵਿਖੇ ਜੋ ਦੁੱਧ ਉਤਪਾਦਕਾਂ ਡੇਅਰੀ ਮਾਲਕਾਂ ਤੇ ਕਿਸਾਨਾਂ ਨੂੰ ਮੱਕੀ ਦਾ ਬੀਜ ਪੰਜਾਬ ਸਰਕਾਰ ਵਲੋਂ ਭੇਜਿਆ ਸੀ, ਉਹ ਮੱਕੀ ਦਾ ਬੀਜ ਮਿਲਕ ਪਲਾਂਟ ਦਸੂਹਾ ਵਿਖੇ ਪਹੁੰਚਿਆ ਹੀ ਨਹੀਂ ਸਗੋਂ ਰਸਤੇ 'ਚ ਹੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖ਼ੁਰਦ-ਬੁਰਦ ਕਰ ਦਿੱਤਾ ਗਿਆ | ਇਸ ਸੰਬੰਧੀ ਸੁਰਜੀਤ ਸਿੰਘ ਹਿੰਮਤਪੁਰ, ਦੁੱਧ ਉਤਪਾਦਕ ਨੂੰ ਨਾਲ ਲੈ ਕੇ ਜੀ.ਐਮ. ਹੁਸ਼ਿਆਰਪੁਰ ਰਾਜੇਸ਼ ਬਸੋਤਰਾ ਨੂੰ ਮਿਲੇ ਸਨ ਪਰ ਉਨ੍ਹਾਂ ਵਲੋਂ ਇਸ ਦੀ ਜਾਂਚ ਠੰਢੇ ਬਸਤੇ ਵਿਚ ਹੀ ਪਾ ਦਿੱਤੀ ਗਈ, ਫਿਰ ਇਸ ਸੰਬੰਧੀ ਐਮ.ਡੀ. ਮਿਲਕਫੈੱਡ ਰਾਹੁਲ ਗੁਪਤਾ ਨੰੂ ਚੰਡੀਗੜ੍ਹ ਵਿਖੇ ਜਾ ਕੇ ਮਿਲੇ ਅਤੇ ਉਨ੍ਹਾਂ ਨੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਹੁਕਮ ਤੁਰੰਤ ਦੇ ਦਿੱਤੇ | ਉਨ੍ਹਾਂ ਦੱਸਿਆ ਕਿ ਇਹ ਘਪਲਾ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਇਆ ਹੈ ਪਰ ਇਹ ਵੱਡੇ ਅਧਿਕਾਰੀ ਮਿਲਕ ਪਲਾਂਟ ਦਸੂਹਾ ਦੇ ਛੋਟੇ ਮੁਲਾਜ਼ਮਾਂ ਦੇ ਗਾਜ ਸੁੱਟਣਾ ਚਾਹੁੰਦੇ ਹਨ | ਇਸ ਸੰਬੰਧੀ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਜੀ.ਐਮ. ਰਾਜੇਸ਼ ਬਸੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਖ਼ੁਰਦ-ਬੁਰਦ ਹੋਏ ਮੱਕੀ ਦੇ ਬੀਜ ਸੰਬੰਧੀ ਉਨ੍ਹਾਂ ਨੂੰ ਜੋ ਸ਼ਿਕਾਇਤਾਂ ਮਿਲੀਆਂ, ਇਸ ਸੰਬੰਧੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੀ ਵੱਖਰੇ ਤੌਰ 'ਤੇ ਜਾਂਚ ਕਰਵਾ ਰਹੇ ਹਨ ਅਤੇ ਜੋ ਜਾਂਚ ਵਿਚ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਸੰਬੰਧੀ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਮਿਲਕ ਪ੍ਰੋਕਿਉਰਮੈਂਟ ਮੈਨੇਜਰ ਨਵਤੇਜ ਸਿੰਘ ਰਿਆੜ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਕੋਲ ਸੰਬੰਧਿਤ ਮਹਿਕਮਾ ਹੈ | ਉਨ੍ਹਾਂ ਕਿਹਾ ਇਸ ਸੰਬੰਧੀ ਉੱਚ ਪੱਧਰੀ ਜਾਂਚ ਚੱਲੀ ਰਹੀ ਹੈ |