ਨੰਗਲ ਬਿਹਾਲਾਂ, 18 ਜੂਨ (ਵਿਨੋਦ ਮਹਾਜਨ)-ਪਿੰਡ ਸਿੰਘੋਵਾਲ ਵਿਖੇ ਅਵਾਰਾ ਕੁੱਤਿਆਂ ਵਲੋਂ 2 ਵੱਛੀਆਂ ਨੂੰ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਅਵਾਰਾ ਕੁੱਤਿਆਂ ਵਲੋਂ ਗੁਰਮੇਲ ਸਿੰਘ ਬੱਗਾ ਅਤੇ ਕਸ਼ਮੀਰ ਸਿੰਘ ਵਾਸੀ ਸਿੰਘੋਵਾਲ ਦੀਆਂ ਹਵੇਲੀਆਂ ਅੰਦਰ ਜਾ ਕੇ ਵੱਛੀਆਂ 'ਤੇ ਜਾਨ ਲੇਵਾ ਹਮਲਾ ਕਰ ਦਿੱਤਾ | ਹਵੇਲੀ ਵਿਚ ਡੰਗਰਾਂ ਵਲੋਂ ਉੱਚੀ-ਉੱਚੀ ਰੌਲਾ ਪਾਉਣ 'ਤੇ ਘਰ ਵਾਲਿਆਂ ਨੇ ਵੱਛੀਆਂ ਨੂੰ ਅਵਾਰਾ ਕੁੱਤਿਆਂ ਤੋਂ ਛੁਡਵਾਇਆ | ਇੱਥੇ ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਇਸ ਪਿੰਡ ਦੇ ਦੋ ਗੋਕੇ ਡੰਗਰਾਂ ਨੂੰ ਨੂੰ ਵੀ ਕੁੱਤਿਆਂ ਨੇ ਵੱਢਿਆ ਹੈ | ਇਸੇ ਤਰ੍ਹਾਂ ਨਜ਼ਦੀਕੀ ਪਿੰਡ ਭਾਗੜਾਂ ਵਿਖੇ ਵੀ ਅਵਾਰਾ ਕੁੱਤਿਆਂ ਨੇ ਹਵੇਲੀ ਦੀਆਂ 6 ਫੁੱਟ ਉੱਚੀਆਂ ਕੰਧਾਂ ਟੱਪ ਕੇ ਦੁਧਾਰੂ ਪਸ਼ੂਆਂ ਨੂੰ ਨਿਸ਼ਾਨਾ ਬਣਾਇਆ ਸੀ | ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਚੱਲਦਿਆਂ ਪਿੰਡਾਂ ਦੇ ਲੋਕਾਂ ਵਿਚ ਆਪ ਅਤੇ ਆਪਣੇ ਬੱਚਿਆਂ ਪ੍ਰਤੀ ਚਿੰਤਾ ਵੱਧ ਰਹੀ ਹੈ ਕਿਉਂਕਿ ਸਰਕਾਰ ਵਲੋਂ ਇਸ ਅਤਿ ਸੰਵੇਦਨਸ਼ੀਲ ਮਸਲੇ ਅਤੇ ਗੰਭੀਰ ਘਟਨਾਵਾਂ ਨੂੰ ਰੋਕਣ ਲਈ ਅੱਜ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਹਨ | ਪੰਜਾਬ ਦੇ ਹਰ ਕੋਨੇ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨੂੰ ਨੱਥ ਪਾਉਣ ਲਈ ਆਮ ਲੋਕਾਂ ਦਾ ਸਰਕਾਰੀ ਤੰਤਰ ਅੱਗੇ ਇਹ ਸਵਾਲ ਜ਼ੋਰ ਫੜ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਜ਼ਿੰਮੇਵਾਰ ਅਫ਼ਸਰਾਂ ਵਲੋਂ ਕਿਥੇ ਬੈਠ ਕੇ ਘੜੀਆਂ ਅਤੇ ਅਮਲ ਵਿਚ ਲਿਆਂਦੀਆਂ ਜਾਂਦੀਆਂ ਹਨ ਲੋਕ ਪੱਖੀ ਨੀਤੀਆਂ? ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦੇ ਹਮਲਿਆਂ ਤੋਂ ਜਾਨਵਰਾਂ ਅਤੇ ਲੋਕਾਂ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ |