ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ)-ਪਿੰਡ ਭੁੱਲੇਵਾਲ ਰਾਠਾਂ ਦੇ ਨਜ਼ਦੀਕ ਸੜਕ ਕਿਨਾਰੇ ਅਤਿ ਖਸਤਾ ਹਾਲਤ 'ਚ ਟੁੱਟੇ ਖੰਭੇ ਨੂੰ 1 ਹਫ਼ਤੇ ਤੋਂ ਲਗਾਤਾਰ ਐਸ.ਡੀ.ਓ. ਚੱਬੇਵਾਲ ਦੇ ਧਿਆਨ ਹੇਠ ਲਿਆਉਣ 'ਤੇ ਵੀ ਖੰਭੇ ਨੂੰ ਨਾ ਬਦਲੀ ਕਰਨ 'ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਅਗਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਵਤੀਰਾ ਇੰਨਾ ਅਣਗਹਿਲੀਆਂ ਭਰਿਆ ਹੈ ਤਾਂ ਫਿਰ ਬਾਕੀ ਢਾਂਚੇ ਦਾ ਕੀ ਹਾਲ ਹੋਵੇਗਾ? ਧੀਮਾਨ ਨੇ ਦੱਸਿਆ ਕਿ ਉਨ੍ਹਾਂ ਆਪ ਮੌਕੇ 'ਤੇ ਜਾ ਕਿ ਫ਼ੋਟੋ ਲੈ ਕੇ ਲੋਕੇਸ਼ਨ ਸਮੇਤ ਸੀਨੀਅਰ ਸੁਪਰਟੈਂਡੈਂਟ ਇੰਜੀਨੀਅਰ ਨੂੰ ਵੀ ਕਿਸਾਨ ਦੀ ਮੁਸ਼ਕਿਲ ਦੱਸ ਕੇ ਤੁਰੰਤ ਮੈਸਜ਼ ਭੇਜਿਆ ਤੇ ਦੱਸਿਆ ਕਿ ਖੰਭਾ ਬਹੁਤ ਵੀ ਤਰਸਯੋਗ ਹਾਲ 'ਚ ਖੜ੍ਹਾ ਹੈ ਤੇ ਕਦੇ ਵੀ ਕੋਈ ਵੱਡੀ ਅਣਸੁਖਾਂਵੀ ਘਟਨਾ ਵਾਪਰ ਸਕਦੀ ਹੈ | ਉਨ੍ਹਾਂ ਕਿਹਾ ਕਿ ਇਹ ਬਿਜਲੀ ਨਾਲ ਸਬੰਧਿਤ ਕੰਮ ਹੈ ਤੇ ਇਸ 'ਚ ਤਾਂ ਕਿਸੇ ਦੀ ਵੀ ਸਿਫ਼ਾਰਸ਼ ਦੀ ਲੋੜ ਹੀ ਨਹੀਂ | ਇਹ ਤਾਂ ਵਿਭਾਗ ਦੀ ਆਪਣੀ ਹੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਸਾਰੀ ਵਿਵਸਥਾ ਨੂੰ ਦਰੁਸਤ ਕਰਕੇ ਰੱਖਣ ਤਾਂ ਜੋ ਲੋਕਾਂ ਨੂੰ ਬਿਜਲੀ ਦੀ ਲਗਾਤਾਰ ਸਹੂਲਤ ਮਿਲਦੀ ਰਹੇ | ਧੀਮਾਨ ਨੇ ਦੱਸਿਆ ਕਿ ਅਗਰ ਠੇਕੇਦਾਰ ਤੋਂ ਸਮੇਂ ਸਿਰ ਕੰਮ ਹੀ ਨਹੀਂ ਲੈਣਾ ਤੇ ਫਿਰ ਠੇਕੇਦਾਰ ਨੂੰ ਸਾਲ ਦਾ ਲਗਪਗ 1 ਰੁਪਏ ਤੋਂ ਵੱਧ ਦਾ ਠੇਕਾ ਦੇਣ ਦੀ ਕੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਠੇਕੇਦਾਰ ਨਾਲ ਐਗਰੀਮੈਂਟ ਹੁੰਦਾ ਹੈ, ਅਗਰ ਉਹ ਕੰਮ ਤੁਰੰਤ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਹੈ |