ਧਿਆਨਪੁਰ, 19 ਜੂਨ (ਕੁਲਦੀਪ ਸਿੰਘ ਸੋਨੂੰ)-ਨਜ਼ਦੀਕੀ ਪਿੰਡ ਸੰਘੇੜੇ ਵਿਚ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਬਣਾਏ 3 ਛੱਪੜਾਂ ਵਿਚ ਭੰਗ ਬੂਟੀ ਅਤੇ ਹੋਰ ਬੂਟੀਆਂ ਦੇ ਵਿਸ਼ਾਲ ਰੂਪ ਨਾਲ ਜਿੱਥੇ ਜੰਗਲ ਵਰਗਾ ਮਾਹੌਲ ਬਣਿਆ ਹੈ, ਉੱਥੇ ਛੱਪੜ ਵਿਚ ਗੰਦੇ ਪਾਣੀ ਕਰਕੇ ਬਿਮਾਰੀਆਂ ਦਾ ਬਹੁਤ ਵੱਡਾ ਖ਼ਤਰਾ ਬਣਿਆ ਹੋਇਆ ਹੈ | ਇਸ ਸਬੰਧੀ ਪਿੰਡ ਦੇ ਮੁਹਤਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਵਿਚ 3 ਵੱਡੇ ਛੱਪੜ ਹਨ ਤੇ ਛੱਪੜਾਂ ਦੇ ਚਾਰ-ਚੁਫ਼ੇਰੇ ਸੰਘਣੀ ਵੱਸੋਂ ਵਾਲੇ ਘਰ ਹਨ | ਉਨ੍ਹਾਂ ਦੱਸਿਆ ਕਿ ਭੰਗ ਬੂਟੀ ਅਤੇ ਹੋਰ ਬੂਟੀਆਂ ਏਨੀਆਂ ਵੱਡੀਆਂ ਹੋ ਗਈਆਂ ਹਨ ਕਿ ਇਸ ਵਿਚ ਸੱਪਾਂ ਅਤੇ ਜ਼ਹਿਰੀਲੇ ਜੀਵਾਂ ਤੋਂ ਇਲਾਵਾ ਮੱਛਰ ਦੀ ਭਰਮਾਰ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਛੱਪੜਾਂ ਵਿਚ ਪਿੰਡ ਦੇ ਪਖ਼ਾਨਿਆਂ ਦਾ ਪਾਣੀ ਪੈਂਦਾ ਹੈ, ਜਿਸ ਕਰ ਕੇ ਪਿੰਡ ਦੇ ਬੱਚਿਆਂ ਬਜ਼ੁਰਗਾਂ ਤੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਗੁਜਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਦੇ ਵਿਚ ਬਰਸਾਤ ਦੇ ਪਾਣੀ ਕਰ ਕੇ ਹੋਰ ਵੀ ਮੰਦਾ ਹਾਲ ਹੋਵੇਗਾ | ਉਨ੍ਹਾਂ ਦੱਸਿਆ ਕਿ ਭੰਗ ਬੂਟੀ ਏਨੀ ਵੱਡੀ ਹੋ ਗਈ ਹੈ ਕਿ ਉਹ ਮਿੰਨੀ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ | ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਕਵਲਜੀਤ ਸਿੰਘ ਸੰਘੇੜਾ ਨੇ ਕਿਹਾ ਕਿ ਪਿੰਡ ਦੇ ਮੌਜ਼ੂਦਾ ਸਰਪੰਚ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਉਸ ਵਲੋਂ ਇਕ-2 ਦਿਨ ਤੱਕ ਇਨ੍ਹਾਂ ਛੱਪੜਾਂ ਦੀ ਸਫ਼ਾਈ ਕਰਵਾ ਦਿੱਤੀ ਜਾਏਗੀ | ਮੌਜੂਦਾ ਸਰਪੰਚ ਸੁਖਦੇਵ ਸਿੰਘ ਸੰਘੇੜਾ ਨੇ ਕਿਹਾ ਕਿ ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਦੇ ਨਾਲ ਜਲਦ ਹੀ ਇਨ੍ਹਾਂ ਤਿੰਨਾਂ ਛੱਪੜਾਂ ਨੂੰ ਸਾਫ਼ ਕਰਨ ਤੋਂ ਇਲਾਵਾ ਵੱਡੀ-ਵੱਡੀ ਉੱਗੀ ਬੂਟੀ ਨੂੰ ਵੱਢ ਕੇ ਸਾੜ ਦਿੱਤਾ ਜਾਵੇਗਾ ਤੇ ਲੋਕਾਂ ਦੀ ਮੁਸ਼ਕਲ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ |