ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਕਾਲਜ ਦੇ ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ ਬੀਬੀ ਦਵਿੰਦਰ ਕੌਰ ਔਲਖ, ਪਿ੍ੰਸੀਪਲ ਡਾ. ਡਿੰਪਲ ਸੰਧੂ, ਵਾਇਸ ਪਿ੍ੰਸੀਪਲ ਡਾ. ਪੂਨਮ ਤੂਰ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ 'ਚ ਬੀ.ਐਸ.ਸੀ. ਪਹਿਲੇ, ਤੀਜੇ, ਪੰਜਵੇਂ, ਸੱਤਵੇਂ ਅਤੇ ਜੀ.ਐਨ.ਐਮ. ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ | ਇਸ ਮੌਕੇ ਅਧਿਆਪਕਾਂ ਦੀ ਮੌਜੂਦਗੀ 'ਚ ਸਵੇਰੇ 5 ਵਜੇ ਤੋਂ 7 ਵਜੇ ਤੱਕ ਯੋਗ ਕਿਰਿਆਵਾਂ ਕੀਤੀਆਂ ਗਈਆਂ | ਇਸ ਮੌਕੇ ਵਿਦਿਆਰਥਣਾਂ ਨੇ ਯੋਗ ਕਿਰਿਆਵਾਂ ਦੇ ਲਾਭ ਸਬੰਧੀ ਦੱਸਿਆ ਅਤੇ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਮ.ਡੀ. ਬੀਬੀ ਦਵਿੰਦਰ ਕੌਰ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਜੀਵਨ ਦਾ ਉਹ ਦਰਸ਼ਨ ਹੈ, ਜੋ ਮਨੁੱਖ ਨੂੰ ਉਸ ਦੀ ਆਤਮਾ ਨਾਲ ਜੋੜਨ ਦਾ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਅਭਿਆਸ ਵੱਡਾ ਖ਼ਜ਼ਾਨਾ ਹੈ | ਇਸ ਮੌਕੇ ਪਿ੍ੰਸੀਪਲ ਡਾ: ਡਿੰਪਲ ਸੰਧੂ ਨੇ ਯੋਗ ਦੀ ਮਹੱਤਤਾ ਸਬੰਧੀ ਦੱਸਿਆ ਅਤੇ ਕਿਹਾ ਕਿ ਵਿਦਿਆਰਥਣਾਂ ਆਪਣੇ ਮਨ ਨੂੰ ਯੋਗ ਆਸਣਾਂ ਅਤੇ ਧਿਆਨ ਪ੍ਰਕਿਰਿਆ ਨਾਲ ਸ਼ਾਂਤ ਰੱਖਣ ਦਾ ਅਭਿਆਸ ਕਰਕੇ ਚਿੰਤਾਵਾਂ, ਡਰ ਅਤੇ ਗ਼ੁੱਸੇ ਨੂੰ ਦੂਰ ਕਰ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਵਧੇਰੇ ਕੇਂਦਰਿਤ ਹੋ ਸਕੇਗਾ | ਇਸ ਮੌਕੇ ਮੈਡਮ ਰਮਨਪ੍ਰੀਤ ਕੌਰ, ਮੈਡਮ ਰਣਜੀਤ ਕੌਰ, ਮੈਡਮ ਪਲਵੀ, ਮੈਡਮ ਨਵਰੀਤ, ਮੈਡਮ ਸੁਪਰਨਾ, ਮੈਡਮ ਚਰਿਤੀਕਾ, ਮੈਡਮ ਮੀਨਾਕਸ਼ੀ, ਮੈਡਮ ਸਪਨਾ ਆਦਿ ਸਮੇਤ ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਹਾਜ਼ਰ ਸਨ |