ਮੁਕੇਰੀਆਂ, 21 ਜੂਨ (ਰਾਮਗੜ੍ਹੀਆ)-ਮੁਕੇਰੀਆਂ ਦੀ ਨਰਸਰੀ ਗਰਾਊਾਡ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਪੂਰਵਕ ਨਾਲ ਮਨਾਇਆ ਗਿਆ ਜਿਸ ਦਾ ਮੁੱਖ ਉਦੇਸ਼ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਸੰਪੂਰਨ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਤਹਿਸੀਲਦਾਰ ਪੁਸ਼ਪਿੰਦਰ ਕੁਮਾਰ, ਡੀ.ਐਸ.ਪੀ. ਕੁਲਵਿੰਦਰ ਸਿੰਘ ਵਿਰਕ, ਪ੍ਰਧਾਨ ਸਾਬਕਾ ਨਾਇਬ ਤਹਿਸੀਲਦਾਰ ਸੁਰਿੰਦਰ ਗੁਪਤਾ, ਮਾਸਟਰ ਜਸਵੰਤ ਸਿੰਘ, ਐਸ.ਐਚ.ਓ. ਜੋਗਿੰਦਰ ਸਿੰਘ ਸਮੇਤ ਪਹੁੰਚੇ ਹੋਏ ਆਗੂਆਂ ਨੇ ਯੋਗਾ ਨੂੰ ਰੋਜ਼ਾਨਾ ਰੁਟੀਨ ਵਿੱਚ ਸ਼ਾਮਿਲ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ-ਵਿਅਕਤੀਆਂ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ, ਸਗੋਂ ਭਾਵਨਾਤਮਕ ਤੌਰ 'ਤੇ ਵੀ ਸੰਤੁਲਨ ਬਣਾਉਣ ਵਿੱਚ ਮਦਦ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਯੋਗ ਨੂੰ ਮਾਨਤਾ ਹਾਸਿਲ ਹੋਈ ਹੈ ਅਤੇ ਇਹ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ | ਯੋਗਾ ਟਰੇਨਰ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਕਿ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਤਾਂ ਯੋਗ ਇੱਕੋ-ਇੱਕ ਅਜਿਹਾ ਸਾਧਨ ਹੈ ਜਿਸ ਨਾਲ ਜੁੜ ਕੇ ਬਿਮਾਰੀ ਤੋਂ ਮੁਕਤੀ ਪਾ ਸਕਦਾ ਹੈ | ਉਨ੍ਹਾਂ ਕਿਹਾ ਯੋਗ ਲਈ ਰੋਜ਼ਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਣਾਅ ਭਰੀ ਜ਼ਿੰਦਗੀ ਵਿੱਚ ਪੂਰੀ ਤਰਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ | ਇਸ ਮੌਕੇ ਪਹੁੰਚੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਔਰਤਾਂ ਨੇ ਜਿੱਥੇ ਯੋਗ ਕੀਤਾ ਉਥੇ ਹੀ ਯੋਗ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਵੀ ਹਾਸਲ ਕੀਤੀਆਂ |