ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਮੇਸ਼ਾ ਦੀ ਤਰ੍ਹਾਂ ਹੀ ਜਦੋਂ ਵੀ ਕੋਈ ਗਰਾਂਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਇਕ ਜਾਂ ਦੋ ਦਿਨ ਦੇ ਵਿਚ ਖ਼ਰਚਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ | ਇਸੇ ਤਹਿਤ ਹੀ ਵਿਭਾਗ ਵਲੋਂ ਹੁਣ ਸਕੂਲਾਂ ਨੂੰ ਮਿਡ-ਡੇ-ਮੀਲ ਤਹਿਤ ਰਸੋਈ ਦੇ ਲਈ ਭਾਂਡੇ ਖ਼ਰੀਦਣ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਇਹ ਗਰਾਂਟ ਵੀ ਵਰਤਣ ਦੇ ਲਈ ਸਿਰਫ਼ ਦੋ ਦਿਨ ਦਾ ਸਮਾਂ ਹੀ ਦਿੱਤਾ ਗਿਆ ਹੈ, ਜਦਕਿ ਵਿਭਾਗੀ ਹਦਾਇਤਾਂ ਤਹਿਤ ਗਰਾਂਟ ਖ਼ਰਚਣ ਦੇ ਲਈ ਪਹਿਲਾਂ ਕੁੱਝ ਦੁਕਾਨਾਂ ਤੋਂ ਕੁਟੇਸ਼ਨ ਲੈਣੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਕੁਟੇਸ਼ਨ ਦਾ ਮਿਲਾਨ ਕਰਕੇ ਵਧੀਆ ਕੁਆਲਿਟੀ ਅਤੇ ਘੱਟ ਰੇਟ ਵਾਲਾ ਸਮਾਨ ਹੀ ਖ਼ਰੀਦਣਾ ਹੁੰਦਾ ਹੈ | ਇੰਨੇ ਘੱਟ ਸਮੇਂ 'ਚ ਅਜਿਹਾ ਕਰਨਾ ਸੰਭਵ ਨਹੀਂ ਦੂਸਰਾ ਇਹਨਾਂ ਦਿਨਾਂ ਦੇ ਵਿਚ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ | ਜਦੋਂ ਕਿ ਸਕੂਲਾਂ ਨੂੰ ਇਹ ਗਰਾਂਟ 23 ਜੂਨ ਤੱਕ ਖ਼ਰਚਣ ਲਈ ਕਿਹਾ ਗਿਆ ਹੈ | ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਾਂਡਿਆਂ ਦੀ ਗ੍ਰਾਂਟ ਖ਼ਰਚਣ ਦੀ ਸਮੇਂ ਸੀਮਾ ਨੂੰ ਵਧਾਇਆ ਜਾਵੇ ਅਤੇ ਇਸ ਕੰਮ ਨੂੰ ਤਸੱਲੀਬਖ਼ਸ਼ ਕਰਨ ਲਈ ਸਮੇਂ ਸੀਮਾ ਘੱਟੋ-ਘੱਟ 15 ਜੁਲਾਈ ਤੱਕ ਕੀਤੀ ਜਾਵੇ | ਇਸ ਮੌਕੇ ਸੁਨੀਲ ਕੁਮਾਰ, ਪਿ੍ਤਪਾਲ ਸਿੰਘ ਚੌਟਾਲਾ, ਲੈਕਚਰਾਰ ਅਮਰ ਸਿੰਘ, ਲੈਕਚਰਾਰ ਉਪਿੰਦਰ ਸਿੰਘ, ਵਿਕਾਸ ਸ਼ਰਮਾ, ਸੰਜੀਵ ਧੂਤ, ਪਿ੍ੰਸ ਗੜ੍ਹਦੀਵਾਲਾ, ਰਜਤ ਮਹਾਜਨ, ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ, ਕਮਲਦੀਪ ਸਿੰਘ, ਅਨੂਪਮ ਰਤਨ, ਹੈੱਡਮਾਸਟਰ ਸੰਦੀਪ ਬਡੇਸਰੋਂ, ਹੈੱਡਮਾਸਟਰ ਨਸੀਬ ਸਿੰਘ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਮਿੱਢਾ, ਚਮਨ ਲਾਲ, ਅਮਰਜੀਤ ਸਿੰਘ, ਪਰਸ ਰਾਮ ਆਦਿ ਹਾਜ਼ਰ ਸਨ |