ਮੁਕੇਰੀਆਂ, 31 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਦੇ ਵਾਰਡ ਨੰਬਰ-15 ਵਿਚ ਪੈਂਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਇੱਕ ਮਰੀਜ਼ ਦੀ ਆਪੇ੍ਰਸ਼ਨ ਦੌਰਾਨ ਮੌਤ ਹੋ ਜਾਣ ਕਾਰਨ ਪਰਿਵਾਰ ਵਲੋਂ ਹਸਪਤਾਲ ਵਿਚ ਜਿੱਥੇ ਹੰਗਾਮਾ ਕੀਤਾ ਗਿਆ, ਉੱਥੇ ਹੀ ਅਣਗਹਿਲੀ ਦੇ ਕਥਿਤ ਦੋਸ਼ ਵੀ ਹਸਪਤਾਲ ਉੱਪਰ ਲਗਾਏ ਗਏ | ਮਿ੍ਤਕ ਕਰਤਾਰ ਚੰਦ (60) ਵਾਸੀ ਪੁਰਾਣਾ ਭੰਗਾਲਾ ਦੇ ਸਪੁੱਤਰ ਗੁਰਮੀਤ ਸਿੰਘ ਅਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ 10 ਦਿਨ ਤੋਂ ਸਾਡਾ ਪਿਤਾ ਇਲਾਜ ਲਈ ਹਸਪਤਾਲ 'ਚ ਦਾਖਲ ਸੀ, ਜਿੱਥੇ ਡਾਕਟਰ ਨੇ ਦੱਸਿਆ ਸੀ ਕਿ ਮਰੀਜ਼ ਦੀ ਹਾਲਤ ਖ਼ਰਾਬ ਹੈ ਇਸ ਦਾ ਆਪ੍ਰੇਸ਼ਨ ਹੋਣਾ ਹੈ ਪਰੰਤੂ ਅੱਜ ਆਪ੍ਰੇਸ਼ਨ ਦੌਰਾਨ ਸਾਡੇ ਪਿਤਾ ਦੀ ਮੌਤ ਹੋ ਗਈ ਅਤੇ ਇਸ ਦੀ ਜਾਣਕਾਰੀ ਸਾਨੂੰ ਉਦੋਂ ਮਿਲੀ ਜਦੋਂ ਉਨ੍ਹਾਂ ਦੀ ਲਾਸ਼ ਸਾਡੇ ਘਰ ਐਂਬੂਲੈਂਸ ਰਾਹੀਂ ਭੇਜੀ ਗਈ ਪਰੰਤੂ ਜਦੋਂ ਸਾਨੂੰ ਪਤਾ ਚੱਲਿਆ ਤਾਂ ਅਸੀਂ ਫਿਰ ਲਾਸ਼ ਨੂੰ ਹਸਪਤਾਲ ਵਿਖੇ ਲੈ ਕੇ ਵਾਪਸ ਆਏ ਹਾਂ | ਪੀੜਤ ਪਰਿਵਾਰ ਨੇ ਇਨਸਾਫ਼ ਦੀ ਸਰਕਾਰ ਅੱਗੇ ਗੁਹਾਰ ਲਗਾਈ ਹੈ | ਦੂਸਰੇ ਪਾਸੇ ਜਦੋਂ ਹਸਪਤਾਲ ਦੇ ਪ੍ਰਬੰਧਕਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਕੈਂਸਰ ਦਾ ਮਰੀਜ਼ ਸੀ ਜਿਸ ਦੀ ਹਾਲਤ ਗੰਭੀਰ ਹੋਣ ਕਰਕੇ ਇਸ ਸਬੰਧੀ ਪਰਿਵਾਰ ਨੂੰ ਅਸੀਂ ਕਿਹਾ ਸੀ ਕਿ ਕਿਤੇ ਹੋਰ ਹਸਪਤਾਲ ਲੈ ਜਾਓ, ਪਰੰਤੂ ਉਨ੍ਹਾਂ ਵਲੋਂ ਕਹਿਣ 'ਤੇ ਹੀ ਇਸ ਦਾ ਉਨ੍ਹਾਂ ਦੀ ਰਜਾਮੰਦੀ ਨਾਲ ਆਪ੍ਰੇਸ਼ਨ ਕੀਤਾ ਸੀ, ਜੋ ਸਫਲ ਨਹੀਂ ਹੋ ਸਕਿਆ |