ਹਾਜੀਪੁਰ, 16 ਅਕਤੂਬਰ (ਜੋਗਿੰਦਰ ਸਿੰਘ)-ਬਾਬਾ ਸ੍ਰੀਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਿੰਡ ਪਨਖੂਹ 'ਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਦੱਸਿਆ ਕਿ ਕੋਹਿਨੂਰ ਇੰਟਰਨੈਸ਼ਨਲ ਸਕੂਲ ਨੂੰ ਨੈਸ਼ਨਲ ਕੈਡੇਟ ਕੋਰ (ਐਨ. ਸੀ. ਸੀ.) ਯੂਨਿਟ ਸਥਾਪਤ ਕਰਨ ਲਈ ਅਧਿਕਾਰਤ ਮਾਨਤਾ ਮਿਲੀ ਹੈ, ਜਿਸ ਦਾ ਫ਼ਾਇਦਾ ਮੁਕੇਰੀਆਂ, ਹਾਜੀਪੁਰ, ਤਲਵਾੜਾ ਖੇਤਰ ਦੇ ਵਿਦਿਆਰਥੀਆਂ ਤੋਂ ਇਲਾਵਾ ਨਾਲ ਲੱਗਦੇ ਪਛੜੇ ਇਲਾਕੇ ਹਿਮਾਚਲ ਦੇ ਵਿਦਿਆਰਥੀਆਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ ਕਿਉਂਕਿ ਸੀ. ਬੀ. ਐਸ. ਈ. ਦੀ ਮਾਨਤਾ ਨਾਲ 12ਵੀਂ ਤੱਕ ਦਾ ਇਹ ਸਕੂਲ ਦਿਹਾਤੀ ਖੇਤਰ ਦਾ ਪਹਿਲਾ ਸਕੂਲ ਬਣ ਗਿਆ ਹੈ | ਇਸ ਸੰਬੰਧੀ ਸਬ ਲੋਬਜ਼ਾਂਗ ਸੇਰਿੰਗ, ਸਾਬਕਾ ਹਵਾਲਦਾਰ ਰਾਜਿੰਦਰ ਸਿੰਘ 12 ਪੀ. ਬੀ. ਬੀ. ਐਨ. ਐਨ. ਸੀ. ਸੀ. ਹੁਸ਼ਿਆਰਪੁਰ ਕੋਹਿਨੂਰ ਸਕੂਲ ਵਿਖੇ ਪਹੁੰਚੇ ਤੇ ਜਿਥੇ ਉਨ੍ਹਾਂ ਪਹਿਲੇ ਬੈਚ ਦੇ 25 ਵਿਦਿਆਰਥੀਆਂ ਦੀ ਐਨ. ਸੀ. ਸੀ. ਲਈ ਚੋਣ ਕੀਤੀ ਉਥੇ ਹੀ ਉਨ੍ਹਾਂ ਅੱਜ ਬੱਚਿਆਂ ਦੀ ਕੁਸ਼ਲਤਾ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਅਭਿਆਸ ਵੀ ਕਰਵਾਇਆ | ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਦੱਸਿਆ ਕਿ ਸਕੂਲ ਨੂੰ ਮਿਲੀ ਐਨ. ਸੀ. ਸੀ. ਦੀ ਇਹ ਮਾਨਤਾ ਦੇਸ਼ ਦੇ ਨੌਜਵਾਨਾਂ ਨੂੰ ਅਨੁਸ਼ਾਸਿਤ ਤੇ ਦੇਸ਼ ਭਗਤ ਨਾਗਰਿਕ ਬਣਾਉਣ ਦੇ ਐਨ. ਸੀ. ਸੀ. ਦੇ ਮਿਸ਼ਨ ਦੇ ਅਨੁਸਾਰ ਹੈ | ਇਸ ਰਾਹੀਂ ਵਿਦਿਆਰਥੀਆਂ ਨੂੰ ਫੌਜ, ਜਲ ਸੈਨਾ ਤੇ ਹਵਾਈ ਸੈਨਾ ਵਿਚ ਭਵਿੱਖ ਦੇ ਕਰੀਅਰ ਲਈ ਤਿਆਰ ਕੀਤਾ ਜਾਵੇਗਾ | ਵਿਦਿਆਰਥੀਆਂ ਨੇ ਵੀ ਇਸ ਨਵੀਂ ਸ਼ੁਰੂਆਤ 'ਤੇ ਖੁਸ਼ੀ ਪ੍ਰਗਟ ਕੀਤੀ ਤੇ ਐਨ. ਸੀ. ਸੀ. 'ਚ ਸ਼ਾਮਿਲ ਹੋਣ ਲਈ ਉਤਸੁਕ ਹਨ |