ਹੁਸ਼ਿਆਰਪੁਰ, 16 ਅਕਤੂਬਰ (ਹਰਪ੍ਰੀਤ ਕੌਰ)-ਟ੍ਰੈਫ਼ਿਕ ਐਜੂਕੇਸ਼ਨ ਸੈੱਲ ਹੁਸ਼ਿਆਰਪੁਰ ਤੇ ਰੋਡ ਸੇਫ਼ਟੀ ਕਮੇਟੀ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਕਾਲਜ ਰੋਡ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ | ਸੈਮੀਨਾਰ ਦੌਰਾਨ ਟਰੈਫ਼ਿਕ ਐਜੂਕੇਸ਼ਨ ਸੈਲ ਦੇ ਏ. ਐਸ. ਆਈ. ਤਜਿੰਦਰ ਕੌਰ ਤੇ ਮਨੋਹਰ ਚੰਦ ਨੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਟ੍ਰੈਫ਼ਿਕ ਪੁਲਿਸ ਦੁਆਰਾ ਕੀਤੇ ਜਾਣ ਵਾਲੇ ਚਲਾਨਾਂ ਤੇ ਜੁਰਮਾਨਿਆਂ ਬਾਰੇ ਬੱਚਿਆਂ ਨੂੰ ਦੱਸਿਆ | ਉਨ੍ਹਾਂ ਨੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਤੇ ਕਿਸੇ ਵੀ ਵਾਹਨ ਨੂੰ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਤੇ ਬੱਸ ਚਲਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ ਦੀ ਹਦਾਇਤ ਕੀਤੀ | ਇਸ ਮੌਕੇ ਰੋਡ ਸੇਫ਼ਟੀ ਕਮੇਟੀ ਦੇ ਮੈਂਬਰ ਵਿਜੇ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸੈਮੀਨਾਰ 'ਚ ਸਕੂਲ ਦੇ ਸਮੂਹ ਵਿਦਿਆਰਥੀ ਤੇ ਸਟਾਫ਼ ਮੈਂਬਰ ਸ਼ਾਮਿਲ ਹੋਏ |