ਹੁਸ਼ਿਆਰਪੁਰ, 17 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਬਜ਼ੀ ਦਾ ਖੇਤਰ ਹੋਣ ਦੇ ਚਲਦਿਆਂ ਟਿਊਬਵੈੱਲਾਂ ਦੀ ਬਿਜਲੀ ਦਿਨ ਸਮੇਂ ਕਰਨ ਦੀ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਅਤੇ ਸਾਬਕਾ ਚੇਅਰਮੈਨ ਕੁਲਦੀਪ ਕੁਮਾਰ ਲਵਲੀ ਬੱਡਲਾ ਦੀ ਅਗਵਾਈ 'ਚ ਪਾਵਰਕਾਮ ਦੇ ਐਸ.ਈ. ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਦੀ ਗੈਰ ਹਾਜ਼ਰੀ 'ਚ ਇਹ ਮੰਗ ਪੱਤਰ ਵਧੀਕ ਨਿਗਰਾਨ ਇੰਜੀਨੀਅਰ ਨੇ ਪ੍ਰਾਪਤ ਕੀਤਾ | ਇਸ ਮੌਕੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਰਕਬੇ ਨੂੰ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਸਬਜ਼ੀ ਦੀ ਕਾਸ਼ਤ ਵਾਲਾ ਰਕਬਾ ਐਲਾਨਿਆ ਗਿਆ ਹੈ, ਜਿੱਥੇ ਕਿਸਾਨਾਂ ਵਲੋਂ ਆਲੂ, ਮਟਰ ਅਤੇ ਗਾਜਰਾਂ ਸਮੇਤ ਹੋਰਨਾਂ ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਬਜ਼ੀ ਦੇ ਸੀਜ਼ਨ 'ਚ ਹਰੇਕ ਸਾਲ ਇਸ ਵਿਸ਼ੇਸ਼ ਖ਼ਿੱਤੇ 'ਚ ਨਿਰੰਤਰ ਬਿਜਲੀ ਦੀ ਸਪਲਾਈ ਦਿਨ ਸਮੇਂ 8 ਘੰਟੇ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਇਹ ਸਪਲਾਈ ਸਵੇਰੇ 4 ਤੋਂ ਦੁਪਹਿਰ 12 ਵਜੇ ਤੱਕ ਦਿੱਤੀ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਰਾਤ ਦੇ ਹਨੇਰੇ 'ਚ ਸਬਜ਼ੀਆਂ ਦੀ ਫ਼ਸਲ ਨੂੰ ਪਾਣੀ ਲਗਾਉਣਾ ਬੇਹੱਦ ਮੁਸ਼ਕਿਲ ਹੈ ਅਤੇ ਕਈ ਵਾਰ ਫ਼ਸਲਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ | ਆਗੂਆਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਸਬਜ਼ੀਆਂ ਵਾਲੇ ਖ਼ਿੱਤੇ 'ਚ ਬਿਜਲੀ ਸਪਲਾਈ ਦਿਨ ਸਮੇਂ ਯਕੀਨੀ ਬਣਾਈ ਜਾਵੇ | ਇਸ ਮੌਕੇ ਜਗਤਾਰ ਸਿੰਘ, ਮਹਿੰਦਰ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ, ਲਾਲ ਸਿੰਘ, ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |