25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵਲੋਂ ਵਿਸ਼ਾਲ ਝੰਡਾ ਮਾਰਚ 26 ਨੂੰ- ਬਾਜਵਾ

ਅਜੀਤ ਡੈਸਕ 24-10-2025
ਮੁਕੇਰੀਆਂ, 23 ਅਕਤੂਬਰ (ਰਾਮਗੜ੍ਹੀਆ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਾਉਣ ਵਾਸਤੇ ਡੀ.ਏ ਜੋ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲੋਂ 16 ਫ਼ੀਸਦੀ ਘੱਟ ਦਿੱਤਾ ਜਾ ਰਿਹਾ ਉਸ ਨੂੰ ਕੇਂਦਰ ਸਰਕਾਰ ਦੇ ਡੀ.ਏ ਦੇ ਬਰਾਬਰ 58 ਪ੍ਰਤੀਸ਼ਤ ਕਰਨ ਵਾਸਤੇ, ਏ.ਸੀ.ਪੀ ਸਕੀਮ ਚਾਲੂ ਕਰਨ ਵਾਸਤੇ, ਪੇਂਡੂ ਭੱਤਾ, ਬਾਰਡਰ ਭੱਤਾ ਅਤੇ 2.59 ਪੇਅ ਗੁਣਾਂਕ ਲੈਣ ਵਾਸਤੇ ਪੰਜਾਬ ਸਰਕਾਰ ਦੇ ਵਿਰੁੱਧ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਪੰਜਾਬ ਵੱਲੋਂ ਵਿਸ਼ਾਲ ਝੰਡਾ ਮਾਰਚ ਮਿਤੀ 26 ਅਕਤੂਬਰ ਦਿਨ ਐਤਵਾਰ ਨੂੰ ਤਰਨ ਤਾਰਨ ਹਲਕੇ ਵਿਚ ਕੀਤਾ ਜਾਵੇਗਾ | ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਮੁਖ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੀ ਵੱਡੀ ਗਿਣਤੀ ਵਿਚ ਅਧਿਆਪਕਾਂ ਇਸ ਝੰਡਾ ਮਾਰਚ ਵਿਚ ਸ਼ਾਮਿਲ ਹੋਣਗੇ ਅਤੇ ਪੰਜਾਬ ਭਰ ਚੋਂ ਵਿਸ਼ਾਲ ਇਕੱਠ ਕਰਕੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਵਿਚ ਸਰਕਾਰ ਦੇ ਵਿਰੁੱਧ ਆਪਣੀ ਭੜਾਸ ਕੱਢੀ ਜਾਵੇਗੀ ਕਿਉਂਕਿ ਸਰਕਾਰ ਆਪਣੇ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁਨਕਰ ਹੋਈ ਹੈ ਅਤੇ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮ ਵਰਗ ਦੇ ਵਿਚ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ | ਅਧਿਆਪਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਸਰਕਾਰ ਵੱਲੋਂ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ ਅਤੇ ਸਰਕਾਰ ਨੇ ਸਰਕਾਰੀ ਸਿੱਖਿਆ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ | ਇਸ ਦੇ ਵਿਰੋਧ ਵਿਚ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿਚ ਸਰਕਾਰ ਨੂੰ ਘੇਰਨ ਦੀ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਪੰਜਾਬ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਇਸ ਝੰਡਾ ਮਾਰਚ ਦੇ ਵਿਚ ਵੱਡੀ ਗਿਣਤੀ ਵਿਚ ਅਧਿਆਪਕ ਪਹੁੰਚ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਅਤੇ ਸਰਕਾਰ ਨੂੰ ਉਨ੍ਹਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕੀਤਾ ਜਾਵੇਗਾ | ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦੇਂਦੇ ਹੋਏ ਬਾਜਵਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਹਰ ਸਰਕਾਰੀ ਮੁਲਾਜ਼ਮ ਦਾ ਬੁਨਿਆਦੀ ਅਤੇ ਸੰਵਿਧਾਨਿਕ ਹੱਕ ਹੈ ਅਤੇ ਇਹ ਸਰਕਾਰ ਦੇ ਮੁੱਖ ਵਾਅਦਿਆਂ ਵਿਚੋਂ ਇੱਕ ਹੈ ਪਰ ਸਰਕਾਰ ਦੀ ਮਾੜੀ ਨੀਅਤ ਕਾਰਨ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ ਜਦਕਿ ਪੁਰਾਣੀ ਪੈਨਸ਼ਨ ਦੀ ਆਸ ਵਿਚ ਇਹਨਾਂ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਨੂੰ ਵਧ ਚੜ੍ਹ ਕੇ ਵੋਟਾਂ ਪਾ ਕੇ ਕਾਮਯਾਬ ਕੀਤਾ ਸੀ ਅਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਹੋਏ ਆਪਣੇ ਸਾਰੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਵੀ ਕੀਤਾ ਜਾਵੇਗਾ ਅਤੇ 2027 ਦੀਆਂ ਚੋਣਾਂ ਵਿਚ ਪੋਸਟਲ ਬੈਲਟ ਪੇਪਰ ਵੀ ਆਮ ਆਦਮੀ ਪਾਰਟੀ ਦੇ ਵਿਰੁੱਧ ਹੀ ਨਿਕਲਣਗੇ | ਬਾਜਵਾ ਨੇ ਜ਼ਿਲੇ੍ਹ ਦੇ ਸਮੂਹ ਅਧਿਆਪਕਾਂ ਨੂੰ ਇਸ ਝੰਡਾ ਮਾਰਚ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ | ਇਸ ਮੌਕੇ ਜਨਰਲ ਸਕੱਤਰ ਸਰਦਾਰ ਮਨਜੀਤ ਸਿੰਘ ਕਠਾਣਾ, ਸੂਬਾਈ ਆਗੂ ਸਰਦਾਰ ਗੁਰਦੀਪ ਸਿੰਘ ਵਿਕੀ, ਮਨਜੀਤ ਸਿੰਘ ਬੌਬੀ, ਪਰਮਜੀਤ ਸਿੰਘ ਬੁੱਢੀ ਪਿੰਡ, ਗੁਰਮੁਖ ਸਿੰਘ ਲੱਡੂ, ਕਰਨੈਲ ਸਿੰਘ, ਵਿਦਿਆ ਸਾਗਰ, ਕਮਲਦੀਪ ਸਿੰਘ, ਮਨਜਿੰਦਰ ਸਿੰਘ, ਮੁਖ਼ਤਿਆਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗੱਡੀ ਫਿਲੌਰ ਪੁਲਿਸ ਵਲੋਂ ਬਰਾਮਦ ਅਗਲੀ ਖ਼ਬਰ ਏ.ਡੀ.ਸੀ. ਵਲੋਂ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।