ਰਾਮਗੜ੍ਹ ਸੀਕਰੀ, 23 ਅਕਤੂਬਰ (ਕਟੋਚ)- ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਸ਼ਰੇਆਮ ਤੇ ਬੇਖ਼ੌਫ ਉਲੰਘਣਾ ਹੋਈ ਅਤੇ ਪਟਾਕਿਆਂ ਦੀ ਵਿੱਕਰੀ ਖੁੱਲੇ੍ਹਆਮ ਹੋਈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀ. ਸੀ. ਹੁਸ਼ਿਆਰਪੁਰ ਵਲੋਂ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕਰਕੇ ਜ਼ਿਲ੍ਹੇ ਭਰ ਵਿਚ ਪਟਾਕਿਆਂ ਦੀ ਵਿੱਕਰੀ ਲਈ ਥਾਵਾਂ ਨਿਰਧਾਰਿਤ ਕੀਤੀਆਂ ਸਨ ਜਿਸ ਅਧੀਨ ਤਲਵਾੜਾ ਬਲਾਕ ਲਈ ਨਰਸਰੀ ਗਰਾਊਾਡ ਸੈਕਟਰ ਤਿੰਨ ਤਲਵਾੜਾ ਨਿਸ਼ਚਿਤ ਕੀਤਾ ਗਿਆ ਸੀ ਪਰੰਤੂ ਖੇਦਜਨਕ ਤਾਂ ਇਹ ਹੈ ਕਿ ਪਾਬੰਦੀ ਦੇ ਬਾਵਜੂਦ ਤਲਵਾੜਾ ਦੇ ਮੁੱਖ ਬਾਜ਼ਾਰ ਅਤੇ ਬਲਾਕ ਦੇ ਵੱਖ-ਵੱਖ ਪਿੰਡਾਂ ਭੂੰਬੋਤਾੜ, ਰਜਵਾਲ, ਅੰਬੀ, ਭਟੇੜ, ਬਿ੍ੰਗਲੀ, ਭੋਲ ਕਲੋਤਾ, ਪਲਾਹੜ, ਅਮਰੋਹ, ਨੰਗਲ ਖਨੌੜਾ, ਰਾਮਗੜ੍ਹ ਸੀਕਰੀ, ਭਵਨੌਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਰੱਖ ਕੇ ਪਟਾਕਿਆਂ ਦੀ ਖ਼ੂਬ ਵਿੱਕਰੀ ਕੀਤੀ ਅਤੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਖ਼ੂਬ ਖਿੱਲੀ ਉਡਾਈ | ਜ਼ਿਕਰਯੋਗ ਹੈ ਕਿ ਪਟਾਕਿਆਂ ਦੀ ਵਿੱਕਰੀ ਦੀਵਾਲੀ ਤਿਉਹਾਰ ਤੋ ਪਹਿਲਾਂ ਹੀ ਸ਼ੁਰੂ ਹੋ ਗਈ ਸੀ | ਇਸ ਵਰਤਾਰੇ ਨਾਲ ਜਿੱਥੇ ਗਰੀਨ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ ਨੂੰ ਜ਼ੋਰਦਾਰ ਝਟਕਾ ਲੱਗਿਆ, ਉੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਵਿਚ ਮਨਿਆਰੀ, ਰੈਡੀਮੇਡ ਗਾਰਮੈਂਟਸ, ਸਬਜ਼ੀ ਵਿਕਰੇਤਾ, ਸਟੇਸ਼ਨਰੀ ਅਤੇ ਕਰਿਆਨਾ ਵਿਕਰੇਤਾ ਆਦਿ ਸ਼ਾਮਿਲ ਸਨ | ਇਲਾਕੇ ਦੇ ਕੁੱਝ ਪ੍ਰਗਤੀਸ਼ੀਲ ਤੇ ਚਿੰਤਨਸ਼ੀਲ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਵਾਉਣੀ ਹੁੰਦੀ ਤਾਂ ਅਜਿਹੇ ਹੁਕਮ ਜਾਰੀ ਕਰਕੇ ਹੁਕਮਾਂ ਦੀ ਤੌਹੀਨ ਹੀ ਕਿਉਂ ਕਰਵਾਉਣੀ ਹੁੰਦੀ ਹੈ |