ਟਾਂਡਾ ਉੜਮੁੜ, 4 ਨਵੰਬਰ (ਭਗਵਾਨ ਸਿੰਘ ਸੈਣੀ)- ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦਾ ਫ਼ੈਸਲਾ ਬਹੁਤ ਹੀ ਮੰਦ ਭਾਗਾਂ ਹੈ ਅਤੇ ਜਿੱਥੇ ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ ਉੱਥੇ ਪੰਜਾਬ ਦੇ ਵਿੱਦਿਅਕ ਤੇ ਬੌਧਿਕ ਢਾਂਚੇ ਉੱਪਰ ਹਮਲਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਜਿੰਦਰ ਸਿੰਘ ਮਾਰਸ਼ਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਨ੍ਹਾਂ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਕੀਤਿਆਂ ਇਹ ਇਕ ਪਾਸੜ ਆਰਡੀਨੈਂਸ ਜਾਰੀ ਕਰਕੇ ਪੰਜਾਬ ਦੇ ਮਾਣ ਮਤੇ ਵਿਰਸੇ ਵਿਚੋਂ ਪੰਜਾਬ ਨੂੰ ਬਾਹਰ ਹੀ ਕੱਢ ਦਿੱਤਾ ਹੈ ਅਤੇ ਪੰਜਾਬ ਨੂੰ ਇੱਕ ਹੋਰ ਅਸਹਿ ਜ਼ਖ਼ਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੈਨੇਟ ਖ਼ਤਮ ਕਰਨ ਨਾਲ ਇੰਸਟੀਚਿਊਸ਼ਨਜ਼ ਭਾਸ਼ਾਵਾਂ ਨੂੰ ਖ਼ਤਮ ਕਰਨ ਦੀ ਇਕ ਬਹੁਤ ਵੱਡੀ ਸਾਜ਼ਿਸ਼ ਹੈ ਜੋ ਕਿ ਪੰਜਾਬ ਦੇ ਹਿਤ ਵਿਚ ਬਿਲਕੁਲ ਨਹੀਂ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਗੈਰ ਸੰਵਿਧਾਨਕ ਫ਼ੈਸਲੇ ਨੂੰ ਵਾਪਸ ਲਿਆ ਜਾਵੇ ਤਾਂ ਜੋ ਪੰਜਾਬ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਨਾਲ ਇਨਸਾਫ ਕੀਤਾ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਅਰੋੜਾ, ਜਗਜੀਵਨ ਸਿੰਘ ਜੱਗੀ ਅਤੇ ਹੋਰ ਸਿੱਖਿਆ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬੁੱਧੀਜੀਵੀ ਹਾਜ਼ਰ ਸਨ |
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨਾ ਮੰਦਭਾਗਾ ਫ਼ੈਸਲਾ - ਰਜਿੰਦਰ ਮਾਰਸ਼ਲ <br/>
ਅਜੀਤ ਡੈਸਕ
05-11-2025