06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਨਵੇਂ ਜ਼ਿਲ੍ਹੇ ਨਾਲ ਜੋੜਨ ਦੇ ਵਿਰੋਧ 'ਚ ਮੁਕੰਮਲ ਹੜਤਾਲ <br/>

ਅਜੀਤ ਡੈਸਕ 05-11-2025

ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਪ੍ਰਸਤਾਵਿਤ ਨਵੇਂ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਹੁਸ਼ਿਆਰਪੁਰ ਜ਼ਿਲੇ੍ਹ ਦੇ ਪਿੰਡਾਂ ਨੂੰ ਜੋੜਨ ਦੀ ਤਜਵੀਜ਼ ਦੇ ਵਿਰੋਧ 'ਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਐਡਵੋਕੇਟ ਪੀ.ਐਸ.ਘੁੰਮਣ ਦੀ ਅਗਵਾਈ 'ਚ ਜ਼ਿਲ੍ਹਾ ਕਚਹਿਰੀਆਂ 'ਚ ਮੁਕੰਮਲ ਹੜਤਾਲ ਕੀਤੀ ਗਈ | ਇਸ ਮੌਕੇ ਬਾਰ ਰੂਮ 'ਚ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਵਿਕਰਮ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਨੂੰ ਲੈ ਕੇ 6 ਨਵੰਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਬਾਰ ਰੂਮ ਹੁਸ਼ਿਆਰਪੁਰ 'ਚ ਇਕ ਸਰਬਦਲੀ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਸਬੰਧੀ ਸਮੂਹ ਰਾਜਨੀਤਕ ਦਲਾਂ, ਸਮਾਜਿਕ ਸੰਗਠਨਾਂ ਤੇ ਗੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਇਸ ਮੀਟਿੰਗ 'ਚ ਭਾਗ ਲੈਣ ਦਾ ਸੱਦਾ ਦਿੱਤਾ ਜਾਵੇਗਾ, ਤਾਂ ਜੋ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਹੁਸ਼ਿਆਰਪੁਰ ਦੇ ਨਾਗਰਿਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਜ਼ਿਲ੍ਹੇ ਨਾਲ ਜੋੜਨ ਦੇ ਚੱਲਦਿਆਂ ਇਸ ਖ਼ਿਲਾਫ਼ ਸਖ਼ਤ ਵਿਰੋਧ ਕਰਨਗੇ | ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਸਪੱਸ਼ਟ ਤੌਰ 'ਤੇ ਖੁੱਲ੍ਹਾ ਰੁੱਖ ਅਪਣਾਉਣ ਵਾਲੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਵੀ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਆਗੂ ਇਸ ਮਾਮਲੇ 'ਚ ਚੁੱਪੀ ਧਾਰੀ ਬੈਠੇ ਹਨ ਅਤੇ ਸਿਰਫ਼ ਚੋਣਾਂ ਸਮੇਂ ਹੀ ਬਾਰ ਦਾ ਰੁੱਖ ਕਰਦੇ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਬਾਰ ਦੇ ਮੰਚ ਦਾ ਉਪਯੋਗ ਨਹੀਂ ਕਰਨ ਦਿੱਤਾ ਜਾਵੇਗਾ | ਇਸ ਮੌਕੇ ਬੋਲਦਿਆਂ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਰਕਾਰ ਨੂੰ ਇਕ ਸਪੱਸ਼ਟ ਸਰਵਜਨਕ ਬਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਹੁਸ਼ਿਆਰਪੁਰ ਦੇ ਹਰੇਕ ਨਾਗਰਿਕ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਹੁਸ਼ਿਆਰਪੁਰ ਦੇ ਇਤਿਹਾਸਕ ਅਤੇ ਭਾਵਨਾਤਮਿਕ ਅਧਿਕਾਰ ਖੇਤਰ 'ਚ ਆਉਂਦਾ ਹੈ ਅਤੇ ਇਸ ਨੂੰ ਅਲੱਗ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ | ਇਸ ਮੌਕੇ ਐਡਵੋਕੇਟ ਰਣਜੀਤ ਕੁਮਾਰ ਕਿੱਟੀ, ਐਡਵੋਕੇਟ ਆਰ.ਪੀ. ਧੀਰ, ਐਡਵੋਕੇਟ ਵੀ.ਕੇ. ਮੈਨਨ, ਐਡਵੋਕੇਟ ਰਾਕੇਸ਼ ਮਰਵਾਹਾ, ਐਡਵੋਕੇਟ ਲਵਕੇਸ਼ ਓਹਰੀ, ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਐਡਵੋਕੇਟ ਅਰਵਿੰਦ ਅਗਨੀਹੋਤਰੀ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਗੋਬਿੰਦ ਜਸਵਾਲ, ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਵਿਕਾਸ ਸ਼ਰਮਾ, ਐਡਵੋਕੇਟ ਅਭੀਨਵ ਮਹੇਂਦਰੂ, ਐਡਵੋਕੇਟ ਪੁਨੀਤਇੰਦਰ ਕੰਗ, ਐਡਵੋਕੇਟ ਪੰਚਮ ਸ਼ਰਮਾ, ਐਡਵੋਕੇਟ ਸੂਰਜ ਸਿੰਘ, ਐਡਵੋਕੇਟ ਗੁਰਤੇਜ ਸਿੰਘ, ਐਡਵੋਕੇਟ ਪੰਕਜ ਠਾਕੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ <br/> ਅਗਲੀ ਖ਼ਬਰ ਰੌਸ਼ਨੀ ਮੇਲਾ ਅੱਜ ਤੋਂ, ਨਾਮੀ ਕਲਾਕਾਰ ਕਰਨਗੇ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।