ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ 'ਚ ਪੁਲਿਸ ਤੋਂ ਵਧੇਰੇ ਚੋਰ ਸਰਗਰਮ ਜਾਪ ਰਹੇ ਹਨ | ਸਥਾਨਕ ਸ਼ਹਿਰ 'ਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਪਿਛਲੇ ਦਿਨਾਂ 'ਚ ਲਗਾਤਾਰ ਕਈ ਦੋ ਪਹੀਆ ਵਾਹਨ ਚੋਰੀ ਹੋਣ ਤੋਂ ਬਾਅਦ ਲੰਘੀ ਰਾਤ ਦੇ ਤੜਕਸਾਰ ਚੋਰਾਂ ਵਲੋਂ ਸ਼ਹਿਰ ਦੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਅਤੇ ਨੇੜਲੀਆਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਚੋਰਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਚੌਂਕ 'ਚ ਸਥਿਤ ਰਾਧੇ ਰਾਧੇ ਕੰਨਫੈਕਸ਼ਨਰੀ ਦੇ ਤਾਲੇ ਤੋੜਕੇ ਅੰਦਰੀ ਨਕਦੀ ਚੋਰੀ ਕੀਤੀ ਗਈ ਹੈ | ਦੁਕਾਨ ਮਾਲਕ ਰਾਜੀਵ ਖੰਬ ਪੁੱਤਰ ਮੱਖਣ ਸਿੰਘ ਵਾਸੀ ਦੀਪ ਕਲੋਨੀ ਨੇ ਦੱਸਿਆ ਕਿ ਚੋਰਾਂ ਨੇ ਤੜਕੇ ਕਰੀਬ 3.30 ਕੁ ਵਜੇ ਕੰਨਫੈਕਸ਼ਨਰੀ ਦੀ ਦੁਕਾਨ ਦੇ ਤਾਲੇ ਤੋੜਕੇ ਅੰਦਰ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ | ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਕੇ.ਡੀ. ਫਾਰਮਾ ਮੈਡੀਕਲ ਸਟੋਰ ਦੇ ਸ਼ਟਰ ਦਾ ਤਾਲਾ ਤੋੜਕੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਦੁਕਾਨ ਮਾਲਕ ਅਮਿਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਅਨੁਸਾਰ ਚੋਰਾਂ ਨੇ ਕਰੀਬ 5 ਕੁ ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਹੈ | ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਆਟਾ ਚੱਕੀ ਕੋਲ ਚੋਰਾਂ ਨੇ ਸੋਢੀ ਕੰਨਫੈਕਸ਼ਨਰੀ ਦਾ ਤਾਲਾ ਤੋੜਕੇ ਨਕਦੀ ਚੋਰੀ ਕੀਤੀ ਹੈ | ਦੁਕਾਨ ਮਾਲਕ ਚੈਂਚਲ ਰਾਏ ਪੁੱਤਰ ਬ੍ਰਹਮ ਦੇਵ ਵਾਸੀ ਦੀਪ ਕਲੋਨੀ ਗੜ੍ਹਸ਼ੰਕਰ ਨੇ ਦੱਸਿਆ ਕਿ ਦੁਕਾਨ ਵਿਚ 12 ਹਜ਼ਾਰ ਰੁਪਏ ਦੀ ਨਕਦੀ ਕਿਸੇ ਨੂੰ ਦੇਣ ਲਈ ਰੱਖੀ ਹੋਈ ਸੀ ਜੋ ਚੋਰਾਂ ਵਲੋਂ ਚੋਰੀ ਕਰ ਲਈ ਗਈ ਹੈ | ਇਨ੍ਹਾਂ ਘਟਨਾਵਾਂ ਦੇ ਸਬੰਧ 'ਚ ਸੀ.ਸੀ.ਟੀ.ਵੀ. ਕੈਮਰਿਆਂ 'ਚ ਇਕ ਮੂੰਹ ਢੱਕਿਆ ਵਿਅਕਤੀ ਆਇਆ ਹੈ ਜਿਸਦੀ ਪਛਾਣ ਨਹੀਂ ਹੋ ਸਕੀ | ਪੁਲਿਸ ਵਲੋਂ ਘਟਨਾ ਸਬੰਧੀ ਮੌਕੇ ਦਾ ਜਾਇਜ਼ਾ ਲੈ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |