ਹੁਸ਼ਿਆਰਪੁਰ, 6 ਨਵੰਬਰ (ਨਰਿੰਦਰ ਸਿੰਘ ਬੱਡਲਾ)-ਗਰੇਟ ਸਪੋਰਟਸ ਕਲਚਰਲ ਕਲੱਬ ਇੰਡੀਆ ਵੱਲੋਂ ਨੌਵਾਂ ਰਾਸ਼ਟਰੀ ਖੇਡ ਦਿਵਸ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਵਿਖੇ ਮਨਾਇਆ ਗਿਆ | ਇਸ ਸਮਾਗਮ ਵਿਚ ਇਸ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਮਹਿਲਾ, ਪੁਰਸ਼ ਖਿਡਾਰੀਆਂ, ਕੋਚਾਂ ਨੂੰ ਸਨਮਾਨਿਤ ਕੀਤਾ ਗਿਆ | ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੈਡਮ ਇੰਦਰਜੀਤ ਕੌਰ (ਅੰਤਰਰਾਸ਼ਟਰੀ ਖਿਡਾਰਨ) ਜੋ ਕਿ ਉਚੇਰੀ ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਹਨ ਵੱਲੋਂ ਗੋਲਡ ਮੈਡਲ, ਸਿਲਵਰ ਮੈਡਲ ਅਤੇ ਤਾਂਬੇ ਦੇ ਮੈਡਲ ਦੀਆਂ ਪ੍ਰਾਪਤੀਆਂ ਕਰਨ ਲਈ ਅਤੇ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ | ਇਹ ਐਵਾਰਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਪੁੱਤਰ ਅਰਜਨਾ ਐਵਾਰਡੀ ਅਸ਼ੋਕ ਕੁਮਾਰ ਤੇ ਕਲੱਬ ਦੇ ਚੇਅਰਮੈਨ ਅਰਜਨਾ ਐਵਾਰਡੀ ਸੁੱਚਾ ਸਿੰਘ ਅਤੇ ਰਾਸ਼ਟਰੀ ਪ੍ਰਧਾਨ ਨਵਦੀਪ ਸਿੰਘ ਸਹੋਤਾ ਵੱਲੋਂ ਭੇਟ ਕੀਤਾ ਗਿਆ | ਇਹ ਸਨਮਾਨ ਮਿਲਣ 'ਤੇ ਮੈਡਮ ਇੰਦਰਜੀਤ ਕੌਰ ਵੱਲੋਂ ਗਰੇਟ ਸਪੋਰਟਸ ਕਲਚਰਲ ਕਲੱਬ ਇੰਡੀਆ ਦੇ ਫਾਉਂਡਰ ਅਤੇ ਕੌਮੀ ਪ੍ਰਧਾਨ ਨਵਦੀਪ ਸਿੰਘ ਸਹੋਤਾ , ਚੇਅਰਮੈਨ ਸੁੱਚਾ ਸਿੰਘ ਅਰਜਨਾ ਐਵਾਰਡੀ, ਗੁਰਮੀਤ ਸੰਧੂ ਅਤੇ ਜੁਆਇੰਟ ਸੈਕਟਰੀ ਪੰਜਾਬ ਅਤੇ ਹੋਰ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ |