ਜਗਰਾਉਂ, 16 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਥਾਣਾ ਸਦਰ ਜਗਰਾਉਂ ਦੀ ਪੁਲਿਸ ਵਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਐੱਸ.ਆਈ. ਜਗਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਲਕ ਤੋਂ ਪੋਨਾ ਰੋਡ 'ਤੇ ਮੌਜੂਦ ਸੀ ਤਾਂ ਇਕ ਹਾਂਡਾ ਸਿਟੀ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ, ਗੱਡੀ ਚਾਲਕ ਨੇ ਰੋਕਣ ਦੀ ਬਜਾਏ ਗੱਡੀ ਭਜਾ ਲਈ ਤੇ ਗੱਡੀ ਬੇਕਾਬੂ ਹੋ ਕੇ ਮੂੰਗੀ ਦੇ ਖੇਤ 'ਚ ਚਲੀ ਗਈ ਅਤੇ ਕਾਰ ਸਵਾਰ ਗੱਡੀ ਛੱਡ ਕੇ ਭੱਜਣ 'ਚ ਸਫ਼ਲ ਹੋ ਗਏ | ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ 36 ਬੋਤਲਾਂ ਮਾਰਕਾ ਐਮਪਾਇਰ ਨੰਬਰ-1 ਮੋਟਾ ਸੰਤਰਾ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ | ਪੁਲਿਸ ਨੇ ਹਾਂਡਾ ਸਿਟੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਅਤੇ ਉਕਤ ਭੱਜੇ ਵਿਅਕਤੀਆਂ ਦੀ ਪਹਿਚਾਣ ਕਰਕੇ ਡਰਾਈਵਰ ਜਸ਼ਨਪ੍ਰੀਤ ਸਿੰਘ ਉਰਫ਼ ਨੀਲਾ ਤੇ ਸਾਥੀ ਖੁਸ਼ਕਰਨਵੀਰ ਸਿੰਘ ਵਾਸੀ ਪੋਨਾ ਖ਼ਿਲਾਫ਼ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕਰ ਲਿਆ | ਇਸੇ ਤਰ੍ਹਾਂ ਏ.ਐੱਸ.ਆਈ. ਜੋਨ ਮਸੀਹ ਵਲੋਂ ਗਸ਼ਤ ਦੌਰਾਨ ਜਸਵੰਤ ਸਿੰਘ ਵਾਸੀ ਸਵੱਦੀ ਖੁਰਦ ਨੂੰ ਕਾਬੂ ਕਰਕੇ ਉਸ ਪਾਸੋਂ 18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਥਾਣਾ ਸਦਰ 'ਚ ਮੁਕੱਦਮਾ ਦਰਜ ਕੀਤਾ ਗਿਆ |