ਸਿੱਧਵਾਂ ਬੇਟ ਦੇ ਮੁੱਖ ਖ਼ਰੀਦ ਕੇਂਦਰ 'ਚ ਮੱਕੀ ਦੀ ਫ਼ਸਲ ਦਾ ਜਾਇਜ਼ਾ ਲੈਣ ਮੌਕੇ ਵਿਖਾਈ ਦੇ ਰਹੇ ਹਨ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਸੈਕਟਰੀ ਕਮਲਦੀਪ ਸਿੰਘ ਮਾਨ, ਮੰਡੀ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਜਿੰਦਲ ਅਤੇ ਹੋਰ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ
ਸਿੱਧਵਾਂ ਬੇਟ, 16 ਜੂਨ (ਜਸਵੰਤ ਸਿੰਘ ਸਲੇਮਪੁਰੀ)-ਇਕ ਪਾਸੇ ਸਰਕਾਰਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾਂ ਅਪਣਾ ਕੇ ਕਣਕ ਅਤੇ ਝੋਨੇ ਦੇ ਨਾਲ-ਨਾਲ ਹੋਰ ਫ਼ਸਲਾਂ ਬੀਜਣ ਦਾ ਢੰਡੋਰਾ ਪਿੱਟ ਰਹੀਆਂ ਹਨ, ਪਰ ਦੂਜੇ ਪਾਸੇ ਇਨ੍ਹਾਂ ਫ਼ਸਲਾਂ ਦਾ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ | ਇਹ ਕਹਿ ਲਈਏ ਕਿ ਕਿਸਾਨਾਂ ਦਾ ਸ਼ੋਸਣ ਹੋ ਰਿਹਾ ਹੈ | ਜੇਕਰ ਮੱਕੀ ਦੀ ਫ਼ਸਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਮੱਕੀ ਦਾ ਪੂਰਾ ਭਾਅ ਮਿਲਣ ਦੀ ਬਦੌਲਤ ਐਤਕੀ ਕਿਸਾਨਾਂ ਨੇ ਪਿਛਲੇ ਸਾਲ ਨਾਲ ਵੱਧ ਰਕਬੇ ਵਿਚ ਮੱਕੀ ਦੀ ਫ਼ਸਲ ਬੀਜ ਲਈ ਹੁਣ ਜਦੋਂ ਮੱਕੀ ਮੰਡੀਆਂ ਵਿਚ ਆਉਣ ਲੱਗ ਪਈ ਹੈ ਤਾਂ ਖ਼ਰੀਦਦਾਰ ਨੱਕ-ਬੁੱਲ੍ਹ ਮਾਰ ਰਹੇ ਹਨ | ਜੇਕਰ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਪੋਲਟਰੀ ਅਤੇ ਫੀਡ ਤਿਆਰ ਕਰਨ ਵਾਲੀਆਂ ਫਰਮਾਂ ਤੋਂ ਕੋਈ ਵੀ ਮਾਰਕੀਟ ਫ਼ੀਸ ਨਹੀਂ ਲਈ ਜਾਂਦੀ ਸਿਰਫ਼ ਪ੍ਰਾਈਵੇਟ ਵਪਾਰੀਆਂ ਤੋਂ ਹੀ ਤਿੰਨ ਫ਼ੀਸਦੀ ਫੀਸ ਲਈ ਜਾਂਦੀ ਹੈ | ਜਦਕਿ ਮੱਕੀ ਦੀ ਖ਼ਰੀਦ ਦਾ ਸਾਰਾ ਪ੍ਰਬੰਧ ਮਾਰਕੀਟ ਕਮੇਟੀਆਂ ਵਲੋਂ ਕੀਤਾ ਜਾਂਦਾ ਹੈ | ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਮੰਡੀ ਦਫ਼ਤਰ ਅਧੀਨ ਸਥਾਨਕ ਖ਼ਰੀਦ ਕੇਂਦਰ ਸਮੇਤ ਦਫ਼ਤਰ ਅਧੀਨ ਪੈਂਦੇ ਖ਼ਰੀਦ ਕੇਂਦਰ ਲੋਧੀਵਾਲ, ਪੱਤੀ ਮੁਲਤਾਨੀ, ਲੀਲਾਂ, ਰਸੂਲਪੁਰ, ਗੋਰਸੀਆਂ ਮੱਖਣ, ਰਾਊਵਾਲ, ਭੈਣੀ ਅਰਾਈਆਂ ਅਤੇ ਭੂੰਦੜੀ ਵਿਚ ਮੱਕੀ ਦੀ ਆਮਦ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ | ਇਨ੍ਹਾਂ ਖ਼ਰੀਦ ਕੇਂਦਰਾਂ ਵਿਚ ਪੋਲਟਰੀ ਅਤੇ ਹੋਰ ਫੀਡ ਤਿਆਰ ਕਰਨ ਵਾਲੀਆਂ ਫਰਮਾਂ ਤੋਂ ਇਲਾਵਾ ਵਪਾਰੀ ਵੀ ਮੱਕੀ ਦੀ ਖ਼ਰੀਦ ਤਾਂ ਕਰ ਰਹੇ ਹਨ, ਪਰ ਕਿਸਾਨਾਂ ਨੂੰ ਪਿਛਲੇ ਸਾਲ ਵਾਂਗ ਮੱਕੀ ਦੀ ਪੂਰਾ ਭਾਅ ਨਹੀਂ ਮਿਲ ਰਿਹਾ | ਭਾਵੇਂ ਕੇਂਦਰ ਸਰਕਾਰ ਨੇ ਮੱਕੀ ਦੇ ਐੱਮ.ਐੱਸ.ਪੀ. ਵਿਚ ਕੁਝ ਵਾਧਾ ਕਰਕੇ ਮੱਕੀ ਦਾ ਭਾਅ 2400 ਰੁਪਏ ਪ੍ਰਤੀ ਕੁਇੰਟਲ ਤਾਂ ਕਰ ਦਿੱਤਾ ਹੈ, ਪਰ ਕਿਸਾਨਾਂ ਨੂੰ ਪੂਰਾ ਮੁੱਲ ਦੇਣ ਦੀ ਬਜਾਏ 400 ਰੁਪਏ ਤੋਂ 500 ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਰੇਟ ਦਿੱਤਾ ਜਾ ਰਿਹਾ ਹੈ | ਜੇਕਰ ਕੋਈ ਆੜ੍ਹਤੀਆ ਇਸ ਸੰਬੰਧੀ ਕਿਸਾਨਾਂ ਨਾਲ ਹਮਦਰਦੀ ਕਰਦਾ ਹੈ ਤਾਂ ਖ਼ਰੀਦਦਾਰ ਉਸਨੂੰ ਫ਼ਸਲ ਨਾ ਖ਼ਰੀਦਣ ਦੀ ਧਮਕੀ ਦੇ ਦਿੰਦੇ ਹਨ | ਇਸ ਮੌਕੇ ਕਈ ਕਿਸਾਨਾਂ ਨੇ ਆਖਿਆ ਕਿ ਅਜੇ ਤਾਂ ਮੱਕੀ ਆਉਣ ਦੀ ਸ਼ੁਰੂਆਤ ਹੀ ਹੋਈ ਹੈ ਜੇਕਰ ਬਰਸਾਤ ਵਗੈਰਾ ਹੋ ਗਈ ਤਾਂ ਫਿਰ ਸਾਡਾ ਕੀ ਹਾਲ ਹੋਵੇਗਾ | ਇਸ ਮੌਕੇ 'ਤੇ ਮੌਜੂਦ ਮਾਰਕੀਟ ਕਮੇਟੀ ਦੇ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਨੇ ਆਖਿਆ ਕਿ ਕਿਸੇ ਵੀ ਖ਼ਰੀਦਦਾਰ ਨੂੰ ਕਿਸਾਨਾਂ ਦਾ ਸ਼ੋਸਣ ਨਹੀਂ ਕਰਨ ਦਿੱਤਾ ਜਾਵੇਗਾ | ਉਨ੍ਹਾਂ ਖ਼ਰੀਦਦਾਰਾਂ ਨੂੰ ਮੱਕੀ ਦਾ ਪੂਰਾ ਭਾਅ ਦੇਣ ਦੀ ਗੱਲ ਕਰਦਿਆਂ ਮੰਡੀ ਕਰਮਚਾਰੀਆਂ ਨੂੰ ਵੀ ਮੱਕੀ ਸੰਬੰਧੀ ਪੂਰੇ ਪ੍ਰਬੰਧ ਕਰਨ ਦੀ ਗੱਲ ਆਖੀ | ਇਸ ਮੌਕੇ ਸੈਕਟਰੀ ਕਮਲਦੀਪ ਸਿੰਘ ਮਾਨ ਨੇ ਆਖਿਆ ਕਿ ਦਫ਼ਤਰ ਅਧੀਨ ਸਾਰੇ ਖ਼ਰੀਦ ਕੇਂਦਰਾਂ ਵਿਚ ਹੁਣ ਤੱਕ 15 ਹਜ਼ਾਰ ਕੁਇੰਟਲ ਮੱਕੀ ਦੀ ਖ਼ਰੀਦ ਹੋਈ ਹੈ | ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣੀ ਫ਼ਸਲ ਨੂੰ ਸੁਕਾ ਕੇ ਲਿਆਉ ਤੁਹਾਡੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ | ਇਸ ਮੌਕੇ ਵਪਾਰੀਆਂ ਨੇ ਵੀ ਮੱਕੀ ਦੀ ਫ਼ਸਲ ਗਿੱਲੀ ਹੋਣ ਦੀ ਗੱਲ ਆਖਕੇ ਘੱਟ ਰੇਟ 'ਤੇ ਖ਼ਰੀਦ ਸੰਬੰਧੀ ਆਪਣੀ ਮਜ਼ਬੂਰੀ ਦੱਸਿਆ | ਇਸ ਮੌਕੇ ਮੰਡੀ ਸੁਰਪਵਾਈਜ਼ਰ ਪਰਦੀਪ ਕੁਮਾਰ ਜਿੰਦਲ, ਸਾਬਕਾ ਆੜ੍ਹਤੀਆ ਗੁਰਮੀਤ ਸਿੰਘ, ਸਨੀ ਗਰਗ, ਲਵਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਅਮਨ ਗਰੇਵਾਲ ਸਮੇਤ ਕਈ ਹੋਰ ਕਿਸਾਨ ਵੀਰ ਹਾਜ਼ਰ ਸਨ |
ਸਿੱਧਵਾਂ ਬੇਟ ਦੀ ਦਾਣਾ ਮੰਡੀ 'ਚ ਮੱਕੀ ਉਤਪਾਦਕਾਂ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਹੈ ਅੰਨ੍ਹੀ ਲੁੱਟ
ਅਜੀਤ ਡੈਸਕ
17-06-2025