ਰਾਏਕੋਟ, 17 ਜੂਨ (ਸੁਸ਼ੀਲ)-ਸਥਾਨਕ ਜੀ.ਐੱਚ.ਜੀ. ਐਜ਼ੂਕੇਸ਼ਨ ਕਾਲਜ ਵਿਚ ਬੀ.ਐੱਡ. ਸੈਸ਼ਨ 2025-26 ਵਿਚ ਦਾਖ਼ਲੇ ਲਈ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਡਾ. ਹਰਜੀਤ ਕੌਰ ਨੇ ਦੱਸਿਆ ਕਿ ਬੀ.ਐੱਡ ਵਿਚ ਦਾਖ਼ਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਅਤੇ ਕਾਉਂਸਲਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਜਾ ਰਹੀ ਹੈ, ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਕਾਲਜ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਬੀ.ਐੱਡ. ਵਿਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪੋਰਟਲ 18 ਜੂਨ 2025 ਤੋਂ ਖੁੱਲ ਜਾਵੇਗਾ | ਕਾਲਜ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਅਤੇ ਕਾਲਜ ਵਿਚ ਦਾਖ਼ਲੇ ਨਾਲ ਸਬੰਧਿਤ, ਆਨਲਾਈਨ ਫਾਰਮ ਭਰਨ ਅਤੇ ਵਿਸ਼ਿਆਂ ਦੀ ਜਾਣਕਾਰੀ ਦੇਣ ਲਈ ਕਾਲਜ ਵਿਚ ਇਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ | ਜਿੱਥੇ ਵਿਦਿਆਰਥੀ ਕਾਲਜ ਵਿਚ ਦਾਖਲੇ ਸਬੰਧੀ ਜਾਣਕਾਰੀ ਲਈ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹਨ | ਪਿ੍ੰਸੀਪਲ ਮੈਡਮ ਨੇ ਦੱਸਿਆ ਕਿ ਕਾਲਜ ਕੈਂਪਸ ਵਿਚ ਬੀ.ਐੱਡ. ਅਤੇ ਡੀ.ਐੱਲ.ਐੱਡ. ਕੋਰਸਾਂ ਵਿਚ ਦਾਖ਼ਲੇ ਲੈਣ ਲਈ ਵੀ ਇਸ ਹੈਲਪ ਡੈਸਕ ਵਲੋਂ ਵਿਦਿਆਰਥੀਆਂ ਦੀ ਹਰ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ |