ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤੋਂ ਬਾਅਦ ਪੰਜਾਬ ਸਰਕਾਰ ਹੁਣ ਬਲਾਕ ਡਿਵੈਲਪਮੈਂਟ ਅਫ਼ਸਰਾਂ ਰਾਹੀਂ ਸਾਰੇ ਪੰਜਾਬ ਦੇ 12888 ਪਿੰਡਾਂ 'ਚ ਨਸ਼ਾਗ੍ਰਸਤ ਨੌਜਵਾਨਾਂ ਦੇ ਅੰਕੜੇ ਇਕੱਠੇ ਕਰ ਰਹੀ ਹੈ, ਇਹੀ ਨਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿਮ ਨੂੰ ਸਫ਼ਲ ਤੇ ਕਾਰਗਰ ਸਿੱਧ ਕਰਨ ਲਈ ਸਰਕਾਰ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ 'ਨਸ਼ਾ ਮੁਕਤ ਪਿੰਡ' ਦੇ ਮਤੇ ਵੀ ਪਵਾਏ ਜਾ ਰਹੇ ਹਨ | ਅੱਜ ਪਿੰਡ ਅਖਾੜਾ ਵਿਖੇ ਪਿੰਡ ਦੀ ਸਰਕਾਰੀ ਡਿਸਪੈਂਸ਼ਰੀ 'ਚ ਰੱਖੇ ਆਮ ਇਜਲਾਸ ਮੌਕੇ ਬੀ.ਡੀ.ਓ. ਦਫ਼ਤਰ ਦੇ ਸੈਕਟਰੀ ਰਾਜ ਕੁਮਾਰ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਪਿੰਡ ਦੇ ਚੋਣਵੇਂ ਪਤਵੰਤਿਆਂ ਅਤੇ ਗ੍ਰਾਮ ਪੰਚਾਇਤ ਦੀ ਮੌਜੂਦਗੀ 'ਚ ਨਸ਼ਿਆਂ ਖ਼ਿਲਾਫ਼ ਸਹਿਮਤੀ ਮਤੇ ਦੀ ਰੂਪ-ਰੇਖਾ ਸਾਂਝੀ ਕੀਤੀ | ਇਸ ਸਹਿਮਤੀਨੁਮਾ ਪ੍ਰੋਫਾਰਮੇ ਦੇ ਪਹਿਲੇ ਕਾਲਮ ਵਿਚ ਨਸ਼ਾਗ੍ਰਸਤ ਨੌਜਵਾਨਾਂ ਦੀ ਪਛਾਣ ਕਰਕੇ ਉਸ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਪੰਚਾਇਤ ਦਾ ਸਹਿਯੋਗ ਮੰਗਿਆ ਗਿਆ ਹੈ | ਇਸ ਮਤੇ ਦੇ ਅਗਲੇ ਚੋਣਵੇਂ ਤੇ ਦਿਲਚਸਪ ਤੱਥਾਂ 'ਚ ਸਰਕਾਰ ਨੇ ਆਮ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਸਾਰਾ ਬੋਝ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੇ ਮੋਢਿਆਂ 'ਤੇ ਲਿਆ ਖੜ੍ਹਾ ਕੀਤਾ ਹੈ | ਉਦਾਹਰਣ ਵਜੋਂ ਪਿੰਡ ਵਾਸੀ ਨਸ਼ਾ ਤਸਕਰ ਦੀ ਪਛਾਣ ਖੁਦ ਕਰਨਗੇ ਤੇ ਨਸ਼ਾ ਤਸਕਰ ਦੇ ਵਾਹਨ ਸਮੇਤ ਨੰਬਰ ਪੂਰਾ ਵੇਰਵਾ ਸਬੰਧਿਤ ਥਾਣੇ ਨੂੰ ਦਿੱਤਾ ਜਾਵੇਗਾ, ਜਿਸ ਤਹਿਤ ਨਸ਼ੇ ਦੇ ਸਮੱਗਲਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਤਰ੍ਹਾਂ ਇਸ ਸਹਿਮਤੀ ਮਤੇ ਦੇ ਕ੍ਰਮਵਾਰ ਮੁੱਢਲੇ ਪੁਆਇੰਟ ਪਿਛਲਿਆਂ ਸਰਕਾਰਾਂ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈਆਂ ਮੁਹਿੰਮਾਂ ਦਾ ਹੀ ਦੁਹਰਾਉ ਹਨ | ਬਲਾਕ ਡਿਵੈਲਪਮੈਂਟ ਅਫ਼ਸਰ ਸੁਖਜੀਤ ਸਿੰਘ ਨੇ ਇਸ ਵਿਭਾਗੀ ਕਾਰਵਾਈ ਨੂੰ ਫੀਡਬੈਕ ਦਾ ਨਾਂਅ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਬੀ.ਡੀ.ਓ. ਦਫ਼ਤਰ ਰਾਹੀਂ ਇਹ ਸ਼ੁਰੂਆਤ 16 ਜੂਨ ਤੋਂ ਕੀਤੀ ਗਈ ਹੈ, ਜਿਸ ਤਹਿਤ ਹੁਣ ਤੱਕ ਦਰਜਨ ਦੇ ਕਰੀਬ ਪਿੰਡਾਂ ਦੇ ਸਹਿਮਤੀ ਮਤੇ ਪ੍ਰਵਾਨ ਚੜ੍ਹੇ ਹਨ | ਉਨ੍ਹਾਂ ਦੱਸਿਆ ਕਿ ਬਹੁਤ ਜਲਦ ਇਸ ਕਾਰਜ ਨੂੰ ਮੁਕੰਮਲ ਕਰਕੇ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇਗੀ | ਇਨਕਲਾਬੀ ਕਲਾ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ | ਸ੍ਰੀ ਖੰਨਾ ਨੇ ਕਿਹਾ ਕਿ ਸਰਕਾਰ ਦੀ ਇਹ ਸਹਿਮਤੀ ਮਤਾ ਨੀਤੀ 'ਯੁੱਧ ਨਸ਼ਿਆਂ ਵਿਰੁੱਧ' ਦੀ ਅਸਫ਼ਲਤਾ ਨੂੰ ਸਫ਼ਲਤਾ 'ਚ ਬਦਲਣ ਲਈ ਘੜੀ ਗਈ ਹੈ | ਉਨ੍ਹਾਂ ਆਖਿਆ ਕਿ ਨਸ਼ਿਆਂ ਦਾ ਖ਼ਾਤਮਾਂ ਡੰਡਾ ਤੰਤਰ ਨਾਲ ਨਹੀਂ, ਸਗੋਂ ਰੁਜ਼ਗਾਰ ਦੇ ਅਸੀਮ ਮੌਕਿਆਂ ਰਾਹੀਂ ਕੀਤਾ ਜਾ ਸਕਦਾ ਹੈ | ਖੰਨਾਂ ਨੇ ਇਸ ਮੁਹਿੰਮ ਨੂੰ ਪੰਜਾਬ ਸਰਕਾਰ ਦੀ ਚਲਾਕ ਨੀਤੀ ਦਾ ਹਿੱਸਾ ਦੱਸਦਿਆਂ ਕਿਹਾ ਕਿ ਸਰਕਾਰ ਪੰਚਾਇਤਾਂ ਦੇ ਇਨ੍ਹਾਂ ਸਹਿਮਤੀ ਮਤਿਆਂ ਨੂੰ 2027 ਦੀਆਂ ਚੋਣਾਂ 'ਚ ਵਿਰੋਧੀ ਧਿਰਾਂ ਨੂੰ ਜਵਾਬ ਦੇਣ ਲਈ ਤਿਆਰ ਕਰ ਰਹੀ ਹੈ | ਖੰਨਾਂ ਅਨੁਸਾਰ ਇਹ ਸਹਿਮਤੀ ਮਤੇ ਸਰਕਾਰ ਲਈ ਤਾਂ ਕਾਰਗਰ ਸਿੱਧ ਹੋ ਸਕਦੇ ਹਨ, ਪ੍ਰੰਤੂ ਇਹ ਮਤੇ ਰੰਗਲੇ ਪੰਜਾਬ ਦਾ ਨਹੀ ਕੰਗਲੇ ਪੰਜਾਬ ਦਾ ਪ੍ਰਤੀਕ ਹੋਣਗੇ | ਇਸ ਮੌਕੇ ਸਰਪੰਚ ਬਲਗੀਤ ਕੌਰ, ਜਸਵੀਰ ਸਿੰਘ, ਪੰਚ ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਸਾਬਕਾ ਪੰਚ ਬਿੱਕਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ |