ਜੋਧਾਂ/ਲੋਹਟਬੱਦੀ, 18 ਜੂਨ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)- ਥਾਣਾ ਜੋਧਾਂ ਦੇ ਪਿੰਡ ਫੱਲੇਵਾਲ 'ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਅਤੇ ਲੜਕੇ ਨੂੰ ਜਿਉਂਦਿਆਂ ਸਾੜਨ ਦੀ ਨਾਕਾਮ ਕੋਸ਼ਿਸ ਦੇ ਦੋਸ਼ਾਂ ਅਧੀਨ ਥਾਣਾ ਜੋਧਾਂ ਦੀ ਪੁਲਿਸ ਨੇ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਲਿਖਾਏ ਬਿਆਨਾਂ 'ਚ ਮਨਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਬੁਟਾਹਰੀ ਨੇ ਦੱਸਿਆ ਕਿ ਉਸ ਦੀ ਲੜਕੀ ਜਸਵਿੰਦਰ ਕੌਰ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪਿੰਡ ਫੱਲੇਵਾਲ ਵਾਸੀ ਰਾਜਿੰਦਰ ਸਿੰਘ ਪੁੱਤਰ ਨੇਕ ਸਿੰਘ ਨਾਲ ਹੋਇਆ ਸੀ, ਜੋ ਕਿ ਉਸ ਦੀ ਮਾਰ ਕੁੱਟ ਕਰਦਾ ਰਹਿੰਦਾ ਸੀ ਅਤੇ ਪੰਚਾਇਤੀ ਰਾਜੀਨਾਮੇ ਹੋ ਜਾਂਦੇ ਸੀ | 11 ਜੂਨ 2025 ਦੀ ਰਾਤ ਨੂੰ ਮੇਰੇ ਜਵਾਈ ਰਾਜਿੰਦਰ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੇ ਸਿਰ 'ਚ ਰੋਟੀਆਂ ਵਾਲਾ ਤਵਾ ਮਾਰਿਆ ਅਤੇ ਨਾਲ ਹੀ ਮੇਰੀ ਲੜਕੀ ਅਤੇ ਮੇਰੇ ਦੋਹਤੇ ਨੂੰ ਅੱਗ ਲਗਾਉਣ ਦੀ ਕੋਸ਼ਿਸ ਕੀਤੀ | ਇਸ ਮੌਕੇ ਪੁੱਜੇ ਹੋਰਨਾਂ 6 ਜਣਿਆਂ ਨੇ ਵੀ ਮੇਰੀ ਲੜਕੀ ਨੂੰ ਗਾਲੀ ਗਲੋਚ ਕੀਤਾ | ਇਸ ਮਾਮਲੇ 'ਚ ਗੁਰਦੀਪ ਸਿੰਘ ਚੌਕੀ ਇੰਚਾਰਜ ਛਪਾਰ ਨੇ 7 ਲੋਕਾਂ ਖ਼ਿਲਾਫ਼ ਬੀ.ਐਨ.ਐਸ ਦੀ ਧਾਰਾ 85, 115(2), 351(3) ਅਧੀਨ ਮਾਮਲਾ ਦਰਜ ਕਰ ਲਿਆ |