01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੈਨੇਡਾ ਪੀ.ਆਰ. ਫੈਮਿਲੀ ਵੀਜ਼ੇ ਦੇ ਨਾਂਅ 'ਤੇ ਪੌਣੇ ਦੋ ਕਰੋੜ ਦੀ ਠੱਗੀ <br/>

ਅਜੀਤ ਡੈਸਕ 19-06-2025
ਨਿਹਾਲ ਸਿੰਘ ਵਾਲਾ, 18 ਜੂਨ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)- ਮੋਗਾ ਜ਼ਿਲ੍ਹੇ ਦੇ ਇਕ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਨਾਲ ਬਾਘਾ ਪੁਰਾਣਾ ਦੇ ਇਕ ਇਮੀਗ੍ਰੇਸ਼ਨ ਸਰਵਿਸ ਸੈਂਟਰ ਵਲੋਂ ਕੈਨੇਡਾ ਦੀ ਪੀ.ਆਰ. ਫੈਮਲੀ ਵੀਜ਼ੇ ਦੇ ਨਾਮ 'ਤੇ ਇਕ ਕਰੋੜ ਛਿਆਸੀ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਕਾਂਗਰਸੀ ਆਗੂ ਅਤੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਦਰਖ਼ਾਸਤ 'ਚ ਦੱਸਿਆ ਕਿ ਬਾਘਾ ਪੁਰਾਣਾ ਦੇ ਡਰੀਮ ਬਿਲਡਰਜ਼ ਇਮੀਗ੍ਰੇਸ਼ਨ ਸਰਵਿਸ ਬਾਘਾ ਪੁਰਾਣਾ ਦੇ ਮੁੱਖ ਪ੍ਰਬੰਧਕ ਨਵਜੋਤ ਬਰਾੜ, ਪਿ੍ਤਪਾਲ ਕੌਰ ਬਰਾੜ ਪਤਨੀ ਨਵਜੋਤ ਬਰਾੜ ਅਤੇ ਨਵਜੋਤ ਬਰਾੜ ਦੇ ਪਿਤਾ ਕੁਲਦੀਪ ਸਿੰਘ ਬਰਾੜ ਨੇ ਉਸ ਦੇ ਲੜਕੇ ਅਭਿਨਵ ਗਰਗ ਸਮੇਤ ਉਸ ਦੀ ਪਤਨੀ ਅਤੇ ਦੋਵੋਂ ਬੱਚਿਆਂ ਦਾ ਕੈਨੇਡਾ ਦੇ ਪੀ.ਆਰ. ਫੈਮਲੀ ਵੀਜ਼ਾ ਇਨਵੈਸਟਮੈਂਟ ਪਾਲਿਸੀ ਤਹਿਤ ਲਗਵਾਉਣ ਲਈ ਇਕ ਕਰੋੜ ਛਿਆਸੀ ਲੱਖ ਰੁਪਏ ਦੀ ਠੱਗੀ ਮਾਰੀ ਹੈ | ਉਨ੍ਹਾਂ ਦੱਸਿਆ ਕਿ ਮੈਂ ਆਪਣੀ ਫ਼ਰਮ ਮੈਸ. ਗਲੋਬਲ ਡਰੀਮ ਬਿਲਡਰਜ਼ ਨਿਹਾਲ ਸਿੰਘ ਵਾਲਾ ਅਤੇ ਆਪਣੀ ਕੰਪਨੀ ਬਾਇਓ ਫਿਊਲ ਐਂਡ ਸਪੋਰਟਸ ਪ੍ਰਾਈਵੇਟ ਲਿਮ. ਦੇ ਬੈਂਕ ਖਾਤਿਆਂ ਰਾਹੀਂ ਨਵਜੋਤ ਬਰਾੜ ਦੀ ਫ਼ਰਮ ਮੈਸ. ਡਰੀਮ ਬਿਲਡਰਜ਼ ਬਾਘਾਪੁਰਾਣਾ ਦੇ ਖਾਤੇ 'ਚ ਵੱਖ-ਵੱਖ ਸਮਿਆਂ 'ਚ ਇਕ ਕਰੋੜ ਛਿਆਸੀ ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ ਸਨ | ਉਨ੍ਹਾਂ ਦੱਸਿਆ ਜਦੋਂ ਅਸੀਂ ਵੀਜ਼ੇ ਬਾਰੇ ਗੱਲਬਾਤ ਕਰਦੇ ਤਾਂ ਨਵਜੋਤ ਇਸ ਸਬੰਧੀ ਲਾਰੇ ਲਗਾਉਣ ਲੱਗ ਪਿਆ | ਉਨ੍ਹਾਂ ਦੱਸਿਆ ਕਿ ਨਵਜੋਤ ਬਰਾੜ ਦੀ ਪਤਨੀ ਪਿ੍ਤਪਾਲ ਕੌਰ ਅਤੇ ਉਨ੍ਹਾਂ ਦਾ ਪਿਤਾ ਕੁਲਦੀਪ ਸਿੰਘ ਬਰਾੜ ਜੋ ਕਿ ਡਰੀਮ ਬਿਲਡਰਜ਼ ਇਮੀਗ੍ਰੇਸ਼ਨ ਸਰਵਿਸ ਬਾਘਾ ਪੁਰਾਣਾ ਦੇ ਦਫ਼ਤਰ 'ਚ ਮੌਜੂਦ ਹੁੰਦੇ ਸਨ, ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਦੇ ਕੇਸ ਨੂੰ ਕੁਝ ਸਮਾਂ ਲਗਦਾ ਹੈ ਪਰ ਤੁਹਾਡੇ ਪਰਿਵਾਰ ਦਾ ਵੀਜ਼ਾ 100 ਫ਼ੀਸਦੀ ਲਗਾ ਕੇ ਦੇਵਾਂਗੇ | ਪਰ ਕਾਫ਼ੀ ਸਮਾਂ ਲੰਘਣ ਬਾਅਦ ਜਦੋਂ ਅਸੀਂ ਅਭਿਨਵ ਗਰਗ ਅਤੇ ਉਸ ਦੇ ਬਾਕੀ ਪਰਿਵਾਰ ਦੀ ਵੀਜ਼ਾ ਫਾਈਲ ਦੀ ਡਿਟੇਲ ਮੰਗੀ ਤਾਂ ਉਨ੍ਹਾਂ ਨੇ ਇਕ ਡਾਕੂਮੈਂਟ ਦਾ ਪਿ੍ੰਟ ਕੱਢ ਕੇ ਦੇ ਦਿੱਤਾ ਜਿਸ 'ਚ ਮੇਰੇ ਬੇਟੇ ਅਭਿਨਵ ਗਰਗ ਦਾ ਐਪਲੀਕੇਸ਼ਨ ਨੰਬਰ ਲਿਖਿਆ ਹੋਇਆ ਸੀ ਅਤੇ ਪਾਸਪੋਰਟ ਦੀ ਮੰਗ ਕੀਤੀ ਗਈ ਸੀ ਪਰ ਬਾਕੀ ਪਰਿਵਾਰਕ ਮੈਂਬਰਾਂ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਆਪਣੇ ਤੌਰ 'ਤੇ ਇਸ ਐਪਲੀਕੇਸ਼ਨ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਅਭਿਨਵ ਗਰਗ ਦੇ ਬਾਕੀ ਪਰਿਵਾਰ ਦੀ ਕੋਈ ਵੀ ਵੀਜ਼ਾ ਫਾਈਲ ਉਨ੍ਹਾਂ ਨੇ ਅਪਲਾਈ ਹੀ ਨਹੀਂ ਕੀਤੀ ਤੇ ਸਾਨੂੰ ਸਿਰਫ਼ ਜਾਅਲੀ ਡਾਕੂਮੈਂਟ ਪਿ੍ੰਟ ਕਰਕੇ ਦੇ ਦਿੱਤਾ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਪੂਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਸਾਨੂੰ ਧੋਖੇ 'ਚ ਰੱਖ ਕੇ ਸਾਡੇ ਨਾਲ ਠੱਗੀ ਮਾਰੀ ਗਈ ਹੈ | ਇਸ ਸਾਰੇ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਗਾ ਨੂੰ ਭੇਜੀ ਗਈ ਦਰਖ਼ਾਸਤ ਦੀ ਜਾਂਚ ਪੜਤਾਲ ਹੋਣ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਨਵਜੋਤ ਬਰਾੜ, ਪਿ੍ਤਪਾਲ ਕੌਰ ਪਤਨੀ ਨਵਜੋਤ ਬਰਾੜ ਅਤੇ ਨਵਜੋਤ ਬਰਾੜ ਦੇ ਪਿਤਾ ਕੁਲਦੀਪ ਸਿੰਘ ਬਰਾੜ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਜਗਰਾਉਂ ਦੇ ਪ੍ਰਤਾਪ ਨਗਰ ਮੁਹੱਲੇ 'ਚ 20 ਮੀਟਰ ਸੜ ਕੇ ਸੁਆਹ ਅਗਲੀ ਖ਼ਬਰ ਆਲ ਗੁੱਡ ਓਵਰਸੀਜ਼ ਆਈਲਟਸ ਸੈਂਟਰ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 65 ਸਕੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।