31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੋਹਟਬੱਦੀ ਤੇ ਆਸਪਾਸ ਵਪਾਰਕ ਦੁਕਾਨਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ 'ਤੇ

ਅਜੀਤ ਡੈਸਕ 19-06-2025
ਲੋਹਟਬੱਦੀ, 18 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਲੋਹਟਬੱਦੀ ਅਤੇ ਆਸਪਾਸ ਦੇ ਪਿੰਡਾਂ 'ਚ ਸਥਾਪਿਤ ਹੋਟਲਾਂ, ਰੇਹੜੀਆਂ, ਖਾਣ ਪੀਣ ਦੀਆਂ ਦੁਕਾਨਾਂ 'ਤੇ ਵਪਾਰਕ ਗੈਸ ਸਿਲੰਡਰਾਂ ਦੀ ਬਜਾਇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ-ਸ਼ੋਰਾਂ 'ਤੇ ਹੋ ਰਹੀ ਹੈ | ਪੈਟਰੋਲੀਅਮ ਤੇ ਗੈਸ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਥਾਨਕ ਵਿਭਾਗ ਵਲੋਂ ਧਿਆਨ ਨਾ ਦੇਣ ਕਾਰਨ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਹਰ ਨੁੱਕਰ 'ਤੇ ਲਗਾਈਆਂ ਜਾ ਰਹੀਆਂ ਰੇਹੜ੍ਹੀਆਂ 'ਤੇ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਤੋਂ ਕਿਨਾਰਾ ਕਰਕੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਕੇ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਹੈ | ਏਨਾ ਹੀ ਨਹੀਂ ਅਜਿਹੇ ਵਪਾਰਕ ਅਦਾਰਿਆਂ ਨੂੰ ਸਬੰਧਿਤ ਗੈਸ ਏਜੰਸੀਆਂ ਵਾਲੇ ਵੀ ਪਹਿਲ ਦੇ ਅਧਾਰ 'ਤੇ ਸਿਲੰਡਰਾਂ ਦੀ ਸਪਲਾਈ ਦਿੰਦੇ ਹਨ ਜਦਕਿ ਆਮ ਲੋਕਾਂ ਨੂੰ ਇਸ ਤਰ੍ਹਾਂ ਦੀ ਸਪਲਾਈ ਦੇਣ 'ਚ ਦੇਰੀ ਵੀ ਕੀਤੀ ਜਾਂਦੀ ਹੈ | ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਘਰੇਲੂ ਸਿਲੰਡਰ 14.2 ਕਿੱਲੋਗ੍ਰਾਮ ਦੀ ਕੀਮਤ ਕਰੀਬ 904/- ਰੁਪਏ, 5 ਕਿੱਲਗ੍ਰਾਮ ਛੋਟੇ ਸਿਲੰਡਰ ਦੀ ਕੀਮਤ 338/- ਰੁਪਏ ਹੈ ਜਦਕਿ ਦੂਸਰੇ ਕਮਰਸ਼ੀਅਲ ਸਿਲੰਡਰ 19 ਕਿੱਲੋਗ੍ਰਾਮ ਦੀ ਕੀਮਤ ਕਰੀਬ 1852/- ਰੁਪਏ ਜਦਕਿ ਉਸ ਤੋਂ ਵੱਡੇ 47.50 ਕਿੱਲੋਗ੍ਰਾਮ ਸਿਲੰਡਰ ਦੀ ਕੀਮਤ 4625/- ਰੁਪਏ ਦੱਸੀ ਜਾ ਰਹੀ ਹੈ | ਵਿਆਹ ਪੈਲੇਸਾਂ, ਰੈਸਟੋਰੈਂਟਾਂ 'ਚ ਵਿਆਹ ਸ਼ਾਦੀਆਂ, ਕਿੱਟੀ ਪਾਰਟੀਆਂ, ਸੇਵਾ ਮੁਕਤੀ ਸਮੇਂ ਹੋਣ ਵਾਲੀ ਪਾਰਟੀਆਂ 'ਚ ਪੈਲੇਸ ਮਾਲਕਾਂ ਵਲੋਂ ਲੋਕਾਂ ਪਾਸੋਂ ਕਮਰਸੀਅਲ ਸਿਲੰਡਰਾਂ ਦੇ ਪੈਸੇ ਵਸੂਲੇ ਜਾਂਦੇ ਹਨ, ਪ੍ਰੰਤੂ ਪੈਲੇਸਾਂ 'ਚ ਦੁਰਵਰਤੋਂ ਘਰੇਲੂ ਗੈਸ ਸਿਲੰਡਰਾਂ ਦੀ ਹੁੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਵਪਾਰਕ ਥਾਵਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਦਾ ਮੁੱਖ ਕਾਰਨ ਇਹ ਵੀ ਹੈ ਕਿ ਮੋਦੀ ਸਰਕਾਰ ਵਲੋਂ ਘਰੇਲੂ ਸੁਆਣੀਆਂ ਨੂੰ ਘਰੇਲੂ ਚੁੱਲ੍ਹੇ-ਚੌਂਕੇ ਸਮੇਂ ਲੱਕੜਾਂ, ਪਾਥੀਆਂ ਦੇ ਧੂੰਏਾ ਤੋਂ ਬਚਾਉਣ ਲਈ ਘਰ-ਘਰ ਇੱਕ ਤੋਂ ਵਧੇਰੇ ਮਹਿਲਾ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਧੀਨ ਗੈਸ ਕੁਨੈਕਸ਼ਨ ਜਾਰੀ ਕੀਤੇ ਹੋਏ ਹਨ | ਬਹੁ-ਗਿਣਤੀ ਪਰਿਵਾਰਾਂ ਵਲੋਂ ਅਜੇ ਵੀ ਗੈਸ ਸਿਲੰਡਰ ਨਾ ਅਪਣਾਉਣ ਕਾਰਨ ਉਨ੍ਹਾਂ ਦੀਆਂ ਗੈਸ ਖ਼ਾਤਾ ਕਾਪੀਆਂ ਵਪਾਰਕ ਲੋਕਾਂ ਕੋਲ ਹੋਣ ਕਾਰਨ ਪੈਲੇਸਾਂ ਵਾਲੇ ਘਰੇਲੂ ਗੈਸ ਸਿਲੰਡਰਾਂ ਨੂੰ ਅਸਾਨੀ ਨਾਲ ਪ੍ਰਾਪਤ ਕਰਨ 'ਚ ਕਾਮਯਾਬ ਹੋ ਰਹੇ ਹਨ | ਲੋਕਾਂ ਨੇ ਜੋਰ ਦੇ ਕੇ ਕਿਹਾ ਕਿ ਘਰਾਂ ਦੀ ਬਜਾਇ ਵਪਾਰਕ ਥਾਵਾਂ 'ਤੇ ਘਰੇਲੂ ਸਿਲੰਡਰਾਂ ਦੀ ਬੇਰੋਕ ਵਰਤੋਂ ਕਾਰਨ ਹੀ ਸਰਕਾਰ ਦੀਆਂ ਨਜ਼ਰਾਂ 'ਚ ਘਰੇਲੂ ਗੈਸ ਦੀ ਖ਼ਪਤ ਵਾਲਾ ਪੈਮਾਨਾ ਉੱਚਾ ਹੋਣ ਕਾਰਨ ਕੇਂਦਰ ਸਰਕਾਰ ਆਏ ਦਿਨ ਭਾਅ 'ਚ ਵਾਧਾ ਕਰਦੀ ਆ ਰਹੀ ਹੈ | ਸੋ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਨੂੰ ਠੱਲ੍ਹ ਪੈ ਸਕੇ |
ਪਿਛਲੀ ਖ਼ਬਰ ਜਗਰਾਉਂ 'ਚ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ 21-22 ਜੂਨ ਨੂੰ ਅਗਲੀ ਖ਼ਬਰ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਫਿੱਟਨੈੱਸ, ਫੂਡ, ਟੈਕਨਾਲੋਜੀ, ਵਰਕ ਕਲਚਰ ਤੇ ਆਧੁਨਿਕ ਤਕਨੀਕਾਂ ਨੂੰ ਆਧਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।