ਰਾਏਕੋਟ, 18 ਜੂਨ (ਸੁਸ਼ੀਲ)-ਨੇੜਲੇ ਪਿੰਡ ਧੂਰਕੋਟ ਦੇ ਸਮਾਜਸੇਵੀ ਡਾਕਟਰ ਸੁਰੈਣ ਸਿੰਘ ਬੁੱਟਰ ਜੋ ਕਿ ਕੱਲ੍ਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਪਰਿਵਾਰ ਵਲੋਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਡੀ.ਐੱਮ.ਸੀ ਹਸਪਤਾਲ ਨੂੰ ਦਾਨ ਕਰ ਦਿੱਤਾ ਗਿਆ | ਉਨ੍ਹਾਂ ਦੇ ਸਪੁੱਤਰ ਇੰਦਰਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰੈਣ ਸਿੰਘ ਬੁੱਟਰ ਨੇ 2007 ਵਿਚ ਆਪਣੀ ਮਿ੍ਤਕ ਦੇਹ ਨੂੰ ਦਾਨ ਕਰਨ ਲਈ ਫਾਰਮ ਭਰ ਦਿੱਤੇ ਸਨ | ਬੀਤੇ ਕੱਲ੍ਹ ਉਨ੍ਹਾਂ ਦਾ 65 ਸਾਲ ਦੀ ਉਮਰ ਭੋਗਣ ਉਪਰੰਤ ਦਿਹਾਂਤ ਹੋ ਗਿਆ ਅਤੇ ਪਰਿਵਾਰ ਵਲੋਂ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਉਨ੍ਹਾਂ ਦਾ ਮਿ੍ਤਕ ਸਰੀਰ ਡੀ.ਐੱਮ.ਸੀ ਹਸਪਤਾਲ ਨੂੰ ਦਾਨ ਵਜੋਂ ਭੇਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਇਕ ਸਮਾਜਸੇਵੀ ਇਨਸਾਨ ਸਨ | ਜਿਨਾਂ ਨੇ ਹਰ ਸਮੇਂ ਮਾਨਵਤਾ ਦੀ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਟੀਚਾ ਰੱਖਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਆਪਣੇ ਆਖਰੀ ਸਾਹਾਂ ਤੱਕ ਪਿੰਡ ਵਿਚ ਡਾਕਟਰ ਦੀ ਪ੍ਰੈਕਟਿਸ ਕਰਦੇ ਰਹੇ, ਜਿੱਥੇ ਉਹ ਗਰੀਬ ਲੋਕਾਂ ਦਾ ਇਲਾਜ ਵੀ ਮੁਫ਼ਤ ਹੀ ਕਰਦੇ ਸਨ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਹਸਪਤਾਲ ਨੂੰ ਸੌਂਪਣ ਤੋਂ ਪਹਿਲਾਂ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਹੇਠ ਮਿ੍ਤਕ ਦੇਹ ਨੂੰ ਅੰਤਿਮ ਵਿਦਾਈ ਦਿੱਤੀ ਗਈ |