31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼ੇਰਪੁਰ ਕਲਾਂ ਦੇ ਲੋਕ ਮਾਲ ਵਿਭਾਗ ਨੇ ਕੀਤੇ 'ਮਾਲੋ-ਮਾਲ'

ਅਜੀਤ ਡੈਸਕ 19-06-2025
ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਦੇ ਮਾਲ ਵਿਭਾਗ ਨੇ ਨਵਾਂ ਕਾਰਨਾਮਾ ਕਰਦਿਆਂ ਬਹੁਤ ਸਾਰੇ ਲੋਕਾਂ ਨੂੰ ਦੁੱਗਣੀਆਂ ਜਾਇਦਾਦਾਂ ਦੇ ਮਾਲਕ ਬਣਾ ਦਿੱਤਾ ਹੈ, ਜਿਸ ਕਾਰਨ ਬੈਂਕਾਂ ਦੀ ਆਰਥਿਕ ਸੁਰੱਖਿਆ ਅਤੇ ਖਰੀਦਦਾਰਾਂ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ | ਜਾਣਕਾਰੀ ਮੁਤਾਬਿਕ ਖਸਰਾ ਨੰਬਰਾਂ ਵਾਲੀ ਹਰ ਜਾਇਦਾਦ ਦਾ ਰਿਕਾਰਡ ਚਾਰ ਸਾਲ ਬਾਅਦ ਨਵਿਆਇਆ ਜਾਂਦਾ ਹੈ, ਜਿਸ ਨੂੰ ਚਾਰ ਸਾਲਾ ਆਖਦੇ ਹਨ | ਬਹੁ-ਗਿਣਤੀ ਪਟਵਾਰੀ ਇਹ ਕੰਮ ਖ਼ੁਦ ਕਰਨ ਦੀ ਜਗ੍ਹਾ ਅਣ-ਅਧਿਕਾਰਿਤ ਤੌਰ 'ਤੇ ਕੰਮ ਕਰ ਰਹੇ ਕੱਚੇ ਕਰਿੰਦਿਆਂ ਤੋਂ ਕਰਵਾਉਂਦੇ ਹਨ, ਜਿਸ ਕਾਰਨ ਮਾਲ ਰਿਕਾਰਡ ਵਿਚ ਵੱਡੀਆਂ ਗ਼ਲਤੀਆਂ ਪੈ ਰਹੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਮੀਡੀਆ ਵਿਚ ਕੱਚੇ ਕਰਿੰਦਿਆਂ ਦਾ ਮਾਮਲਾ ਜੱਗ ਜ਼ਾਹਿਰ ਹੋਣ ਤੋਂ ਬਾਅਦ ਵੀ ਅਧਿਕਾਰੀ ਖਾਮੋਸ਼ ਹਨ | ਤਾਜ਼ਾ ਜਾਣਕਾਰੀ ਮੁਤਾਬਿਕ ਸ਼ੇਰਪੁਰਾ ਕਲਾਂ ਦੀ 2017-2018 ਦੀ ਖੇਵਟ ਨੰਬਰ 480 ਵਿਚ 68 ਕਨਾਲ 10 ਮਰਲੇ ਰਕਬਾ ਸੀ, ਜਿਸ ਵਿਚ ਮੋਹਨਾ ਪੁੱਤਰ ਮਹਿੰਗਾ, ਆਤਮਾ ਸਿੰਘ ਪੁੱਤਰ ਗੰਗਾ ਰਾਮ, ਸੁਰਿੰਦਰ ਸਿੰਘ ਪੁੱਤਰ ਆਤਮਾ ਸਿੰਘ, ਜਗਜੀਤ ਸਿੰਘ ਪੁੱਤਰ ਚੰਦ ਸਿੰਘ, ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ, ਜਸਪਾਲ ਸਿੰਘ ਪੁੱਤਰ ਕਰਨੈਲ ਸਿੰਘ, ਪ੍ਰੀਤਮ ਕੌਰ ਪੁੱਤਰੀ ਕਰਨੈਲ ਸਿੰਘ ਅਤੇ ਮੁਖਤਿਆਰ ਕੌਰ ਮਾਤਾ ਬਲਦੇਵ ਸਿੰਘ ਮਾਲਕ ਸਨ | ਹੁਣ ਜਦੋਂ ਨਵਾਂ ਚਾਰ ਸਾਲਾ ਦੌਰਾਨ 2022-23 ਤਿਆਰ ਕੀਤਾ ਗਿਆ ਤਾਂ ਉਕਤ ਸਾਰੇ ਮਾਲਕਾਂ ਦੇ ਨਾਂਅ ਦੁੱਗਣੇ ਹਿੱਸੇ ਦਰਜ ਕਰ ਦਿੱਤੇ ਗਏ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰੇਕ ਖਸਰੇ ਨੰਬਰ ਦਾ ਰਕਬਾ ਦੁੱਗਣਾ ਕਰ ਦਿੱਤਾ ਗਿਆ | ਤਾਜ਼ਾ ਜਮ੍ਹਾਂਬੰਦੀ ਮੁਤਾਬਿਕ ਉਕਤ ਮਾਲਕ ਆਪਣੇ ਹਿੱਸੇ ਦੀ ਜ਼ਮੀਨ ਤੋਂ ਦੁੱਗਣੀ ਜ਼ਮੀਨ ਵੇਚ ਸਕਦੇ ਹਨ ਜਾਂ ਉਸ 'ਤੇ ਕਰਜ਼ਾ ਲੈ ਸਕਦੇ ਹਨ | ਏਨਾ ਹੀ ਨਹੀਂ ਜਗਰਾਉਂ ਦੇ ਇਕ ਹਿੱਸੇ ਵਿਚ ਅਜਿਹਾ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਸ ਵਿਚੋਂ ਕਈ ਹਿੱਸੇ ਵਿਕ ਵੀ ਗਏ ਹਨ | ਪਤਾ ਲੱਗਾ ਹੈ ਕਿ ਇਸ ਵੱਡੀ ਗ਼ਲਤੀ ਦਾ ਪਤਾ ਲਗਦਿਆਂ ਹੀ ਸਬੰਧਿਤ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਇਸ ਦੇ ਹੱਲ ਲਈ ਲਗਾਤਾਰ ਯਤਨ ਸ਼ੁਰੂ ਹੋ ਗਏ ਹਨ | ਤਹਿਸੀਲਦਾਰ ਵਰਿੰਦਰ ਭਾਟੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀ ਚੁੱਕਿਆ | ਦੂਜੇ ਪਾਸੇ ਅੱਜ ਪਟਵਾਰੀਆਂ ਦੇ ਬਹੁ-ਗਿਣਤੀ ਕੱਚੇ ਕਰਿੰਦੇ ਗਾਇਬ ਰਹੇ ਤੇ ਉਨ੍ਹਾਂ ਦੇ ਫੋਨ ਵੀ ਪਹੁੰਚ ਤੋਂ ਬਾਹਰ ਸਨ | ਦੂਜੇ ਪਾਸੇ ਪਾਬੰਦੀ ਦੇ ਬਾਵਜੂਦ ਮੌਕਾ ਰਿਪੋਰਟ ਕਰਨ ਵਾਲੇ ਗਾਲਿਬ ਰਣ ਸਿੰਘ ਤੇ ਦੋ ਹੋਰ ਪਿੰਡਾਂ ਦੇ ਪਟਵਾਰੀ ਦੀ ਸ਼ਿਕਾਇਤ ਜਗਰਾਉਂ ਦੇ ਇਕ ਆਪ ਆਗੂ ਵਲੋਂ ਮਾਲ ਮੰਤਰੀ ਕੋਲ ਕਰ ਦਿੱਤੇ ਜਾਣ ਦੀ ਚਰਚਾ ਹੈ |
ਪਿਛਲੀ ਖ਼ਬਰ ਪਿੰਡ ਪੋਨਾ, ਮਲਕ, ਸਿੱਧਵਾਂ ਕਲਾਂ ਤੇ ਅਲੀਗੜ੍ਹ ਦੇ ਲੋਕਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹ... ਅਗਲੀ ਖ਼ਬਰ ਸਮਾਜਸੇਵੀ ਡਾਕਟਰ ਸੁਰੈਣ ਸਿੰਘ ਬੁੱਟਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।