ਚੌਂਕੀਮਾਨ, 18 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪੋਨਾ (ਸੰਘਰਸ਼ ਕਮੇਟੀ ਦੇ ਪ੍ਰਧਾਨ), ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਮੀਤ ਪ੍ਰਧਾਨ ਦਲਜੀਤ ਸਿੰਘ ਪੋਨਾ, ਨੰਬਰਦਾਰ ਪੂਰਨ ਸਿੰਘ (ਖ਼ਜ਼ਾਨਚੀ), ਤੇਜਿੰਦਰ ਸਿੰਘ ਪੋਨਾ, ਸਤਵਿੰਦਰ ਸਿੰਘ ਬੱਬੀ ਤੇ ਅਮਰਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਪੋਨਾ, ਅਲੀਗੜ੍ਹ ਤੇ ਮਲਕ ਦੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣਾ ਨੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸਸ਼ 'ਤੇ ਅਗਲੀ ਰਣਨੀਤੀ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਮੀਟਿੰਗ ਵਿਚ ਹਾਜ਼ਰ ਪਤਵੰਤੇ ਸੱਜਣਾ ਨੇ ਇਕ ਮੱਤ ਹੁੰਦੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬਣਾਈ ਲੈਂਡ ਪੂਲਿੰਗ ਨੀਤੀ, ਜਿੱਥੇ ਸੂਬੇ ਦੀਆਂ ਉਪਜਾਊ ਜ਼ਮੀਨਾਂ ਨਿਗਲ ਜਾਵੇਗੀ, ਉੱਥੇ ਹੀ ਸੂਬੇ ਦੇ ਆਤਮ ਨਿਰਭਰ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਏਗੀ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਲਈ ਕੇਂਦਰ ਦੇ ਇਸ਼ਾਰੇ 'ਤੇ ਚੱਲਦੇ ਹੋਏ ਸੂਬੇ ਦੇ ਲੋਕਾਂ ਨਾਲ ਧਿਰੋਹ ਕਮਾ ਰਹੇ ਹਨ | ਹਾਜ਼ਰੀਨਾਂ ਨੇ ਕਿਹਾ ਕਿ ਪਿੰਡ ਪੋਨਾ, ਮਲਕ, ਸਿੱਧਵਾਂ ਕਲਾਂ ਤੇ ਅਲੀਗੜ੍ਹ ਦੇ ਲੋਕ ਕਿਸੇ ਵੀ ਹਾਲਤ ਵਿਚ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ | ਜਿਸ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਦੇਵਾਂਗੇ ਤੇ ਨਾਲ ਹੀ ਉਨ੍ਹਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਧਾਇਕ ਹਲਕਾ ਜਗਰਾਉਂ ਨੂੂੰ ਵੀ ਅਪੀਲ ਕੀਤੀ ਕੇ ਉਹ ਜਗਰਾਉਂ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਤੇ ਚਾਰੋਂ ਪਿੰਡਾਂ ਦੇ ਲੋਕਾਂ ਨਾਲ ਆ ਕੇ ਖੜ੍ਹਨ ਤੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਸਰਕਾਰ 'ਤੇ ਦਬਾਅ ਬਣਾਉਣ ਨਹੀਂ ਤਾਂ ਚਾਰੋਂ ਪਿੰਡਾਂ ਦੇ ਲੋਕ ਬੀਬੀ ਮਾਣੂੰਕੇ ਦਾ ਬਾਈਕਾਟ ਕਰਨਗੇ | ਇਸ ਮੌਕੇ ਜਸਵੀਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਪੰਚ ਗਗਨ ਪੋਨਾ, ਪੰਚ ਗੁਰਪ੍ਰੀਤ ਸਿੰਘ, ਪੰਚ ਲੱਕੀ ਪੰਡਿਤ, ਪੰਚ ਬਹਾਦਰਵੀਰ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਮਾ: ਨਿਰਭੈ ਸਿੰਘ, ਜਗਜੀਤ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ |