ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਯੋਗ ਰਹਿਨੁਮਾਈ ਹੇਠ ਦਾਣਾ ਮੰਡੀ ਖੰਨਾ ਵਿਖੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੰਗਾਂ ਦੇ ਸਬੰਧ ਵਿਚ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਦੱਸਿਆ ਕਿ ਸਰਕਾਰ ਵਲੋਂ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਦੇ ਮਨੋਰਥ ਤਹਿਤ ਸੂਬੇ ਭਰ ਦੇ ਆੜ੍ਹਤੀਆਂ ਨੂੰ ਵੱਡੀ ਪੱਧਰ 'ਤੇ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ | ਜਿਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਆੜ੍ਹਤੀਆਂ ਐਸੋਸੀਏਸ਼ਨ ਵਲੋਂ 21 ਜੂਨ, ਦਿਨ ਸ਼ਨੀਵਾਰ ਨੂੰ ਖੰਨਾ ਵਿਖੇ ਸੂਬਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ ਹੈ | ਜਿਸ ਵਿਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਸਾਲ 2023-24 ਦੀ ਸਾਉਣੀ ਦੀ ਫ਼ਸਲ ਝੋਨੇ ਦੀ ਸਰਕਾਰ ਵੱਲ ਰਹਿੰਦੇ 50 ਪੈਸੇ ਬਕਾਇਆ ਰਾਸ਼ੀ, ਸਾਲ 2025-26 ਦੇ ਕਣਕ ਸੀਜ਼ਨ ਦੌਰਾਨ ਐੱਫ.ਸੀ.ਆਈ. ਵਲੋਂ ਖਰੀਦ ਕੀਤੀ ਕਣਕ ਦੀ ਅੱਜ ਤੱਕ ਆੜ੍ਹਤੀਆਂ ਦੇ ਖ਼ਾਤਿਆਂ ਵਿਚ ਅਦਾਇਗੀ ਨਾ ਪਾਏ ਜਾਣਾ ਆਦਿ ਮੰਗਾਂ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਆੜ੍ਹਤੀਆਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਸ਼ਮੂਲੀਅਤ ਕਰਕੇ ਆੜ੍ਹਤੀਆਂ ਦੀਆਂ ਮੰਗਾਂ ਪ੍ਰਤੀ ਆਵਾਜ਼ ਉਠਾਈ ਜਾਵੇ | ਉਨ੍ਹਾਂ ਅੱਗੇ ਦੱਸਿਆ ਕਿ ਦਾਣਾ ਮੰਡੀ ਰਾਏਕੋਟ ਅਤੇ ਖ਼ਰੀਦ ਕੇਂਦਰਾਂ ਨਾਲ ਸਬੰਧਿਤ ਸਾਰੇ ਆੜ੍ਹਤੀਆਂ ਦਾ ਕਾਫ਼ਲਾ ਮਿਤੀ 21 ਜੂਨ, ਦਿਨ ਸ਼ਨੀਵਾਰ ਨੂੰ ਦਾਣਾ ਮੰਡੀ ਰਾਏਕੋਟ 'ਚ ਸਥਿਤ ਦੁਕਾਨ ਨੰਬਰ-55 ਤੋਂ ਸਵੇਰੇ 10 ਵਜੇ ਰਵਾਨਾ ਹੋਣਗੇ | ਇਸ ਲਈ ਸਮੁੱਚੇ ਆੜ੍ਹਤੀਏ ਸਮੇਂ ਸਿਰ ਪੁੱਜਣ ਦੀ ਕਿ੍ਪਾਲਤਾ ਕਰਨ |