ਖੰਨਾ, 20 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਨੇੜੇ ਬੂਲੇ੍ਹਪੁਰ ਰੋਡ 'ਤੇ 4 ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਡੀ. ਐਸ. ਪੀ. ਅੰਮਿ੍ਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪਿੰਡ ਬੂਲੇ੍ਹਪੁਰ ਵਾਲੀ ਸੜਕ ਨੇੜੇ ਗੋਲਡਨ ਕਲੱਬ ਕੋਲ ਅਮਨਦੀਪ ਸਿੰਘ (35) ਪੁੱਤਰ ਤੇਜਵਿੰਦਰ ਸਿੰਘ ਵਾਸੀ ਬੂਲੇ੍ਹਪੁਰ ਦੀ ਜ਼ਮੀਨ ਹੈ, ਜਿੱਥੇ ਉਸ ਨੇ ਆਪਣੀ ਮੋਟਰ ਤੇ ਪਸ਼ੂ ਵਗੈਰਾ ਵੀ ਰੱਖੇ ਹੋਏ ਹਨ | ਜਦੋਂ ਅੱਜ ਉਹ ਆਪਣੀ ਮੋਟਰ ਤੇ ਦੇਖਭਾਲ ਲਈ ਆਇਆ ਤਾਂ ਉਸ ਦੀ ਮੋਟਰ ਦੇ ਨੇੜੇ ਇਕ ਚਿੱਟੀ ਆਲਟੋ ਕਾਰ ਪਹਿਲਾਂ ਹੀ ਖੜ੍ਹੀ ਸੀ | ਜਿਸ ਵਿਚ 4 ਅਣਪਛਾਤੇ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ | ਜਿਨ੍ਹਾਂ ਨੇ ਉਸ ਨੂੰ ਦੇਖਦਿਆਂ ਹੀ ਉਸ ਦੀਆਂ ਲੱਤਾਂ, ਬਾਂਹਾਂ ਤੇ ਸਰੀਰ ਤੇ ਕਈ ਹੋਰ ਜਗ੍ਹਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ | ਉਸ ਦੇ ਪਰਿਵਾਰ ਵਲੋਂ ਪਹਿਲਾਂ ਉਸ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਡੀ. ਐਸ. ਪੀ. ਭਾਟੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਕਈ ਦਿਨਾਂ ਤੋਂ ਰੇਕੀ ਕੀਤੀ ਜਾ ਰਹੀ ਸੀ | ਭਾਟੀ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੀ ਐਸ. ਐਸ. ਪੀ. ਜਯੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਕਥਿਤ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ | ਜਿਨ੍ਹਾਂ ਦੀ ਅਗਵਾਈ ਐਸ. ਪੀ. ਡੀ. ਪਵਨ ਚੌਧਰੀ ਕਰ ਰਹੇ ਹਨ ਅਤੇ ਪੁਲਿਸ ਵਲੋਂ ਬਣਾਈਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਹੀ ਪੁਲਿਸ ਕਾਬੂ ਕਰ ਲਵੇਗੀ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |