ਜਗਰਾਉਂ, 20 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ 10 ਮਹੀਨੇ ਪੁਰਾਣੇ ਮਾਮਲੇ ਵਿਚ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਵਲੋਂ ਨਾਨਕਸਰ ਵਾਪਰੀ ਘਟਨਾ ਸਬੰਧੀ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਇਸ ਸਬੰਧੀ ਸਿਟੀ ਇੰਚਾਰਜ ਨੇ ਦੱਸਿਆ ਕਿ ਪਿਛਲੇ ਸਾਲ ਮਿਤੀ 26.08.2024 ਨੂੰ ਨਾਗਪੁਰ (ਮਹਾਂਰਾਸ਼ਟਰ) ਦੇ ਵਾਸੀ ਗੁਰੂਸ਼ਰਨਜੀਤ ਸਿੰਘ ਆਪਣੇ ਪਰਿਵਾਰ ਨਾਲ ਨਾਨਕਸਰ ਵਿਖੇ ਦਰਸ਼ਨ ਕਰਨ ਆਇਆ ਸੀ ਤੇ ਉਹ ਆਪਣੇ ਕਮਰੇ ਵਿਚ ਠਹਿਰੇ ਹੋਏ ਸਨ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਪ੍ਰਸ਼ਾਦ ਵਜੋਂ ਫਰੂਟੀਆਂ ਦਿੱਤੀਆਂ | ਫਰੂਟੀ ਪੀਣ ਤੋਂ ਬਾਅਦ ਗੁਰੂਸ਼ਰਨਜੀਤ ਸਿੰਘ ਬੇਹੋਸ਼ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ | ਜਿਸ 'ਤੇ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਨੰਬਰ 24 ਮਿਤੀ 23.01.2025 ਅ/ਧ 123,103,305 ਥਾਣਾ ਸਿਟੀ ਜਗਰਾਉਂ ਵਿਖੇ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਖੰਗਾਲਣ ਤੋਂ ਬਾਅਦ ਸ਼ੱਕੀ ਵਿਅਕਤੀਆਂ ਦੇ ਫੋਟੋਗ੍ਰਾਫਸ ਹਾਸਲ ਕੀਤੇ ਗਏ | ਇਸ ਸਬੰਧੀ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਮੀਡੀਆ ਨੂੰ ਜਾਰੀ ਕਰਦਿਆਂ ਲੋਕਾਂ ਤੋਂ ਇੰਨ੍ਹਾਂ ਵਿਅਕਤੀਆਂ ਦੀ ਸ਼ਨਾਖਤ ਸਬੰਧੀ ਸਹਿਯੋਗ ਮੰਗਿਆ | ਇਸ ਸਬੰਧੀ ਜਾਣਕਾਰੀ ਲਈ ਜਗਰਾਉਂ ਥਾਣਾ ਸਿਟੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ |