ਲੋਹਟਬੱਦੀ, 21 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਸਥਿਤ ਨਾਨਕਸਰ ਠਾਠ ਪੱਤੀ ਮਾਨ, ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਵਿਖੇ ਸਰਪ੍ਰਸਤ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦੀ ਅਗਵਾਈ ਹੇਠ ਦੇਸ਼ਾਂ-ਵਿਦੇਸ਼ਾਂ ਦੀ ਸੰਗਤਾਂ ਵਲੋਂ 26 ਜੂਨ ਦਿਨ ਵੀਰਵਰ ਨੂੰ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੀ 15ਵੀਂ ਬਰਸੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ | ਨਾਨਕਸਰ ਠਾਠ ਤੋਂ ਬਾਬਾ ਗੁਰਮੇਲ ਸਿੰਘ ਨੀਲੂ ਅਤੇ ਭਾਈ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋ ਚੁੱਕੀ ਹੈ, ਜਿਸ ਦੀ ਸਮਾਪਤੀ 26 ਜੂਨ ਨੂੰ ਹੋਵੇਗੀ, ਸਵੇਰੇ 9 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਦੁਪਹਿਰ 1 ਵਜੇ ਤੱਕ ਮਾਤਾ ਪ੍ਰਤਾਪ ਕੌਰ ਯਾਦਗਾਰੀ ਦੀਵਾਨ ਹਾਲ 'ਚ ਸਤਿਸੰਗ ਕੀਰਤਨ ਸਜਣਗੇ, ਜਿਸ 'ਚ ਵੱਖ-ਵੱਖ ਸੰਤ ਮਹਾਂਪੁਰਸ਼ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਵਾਲੇ ਮਹਾਂਪੁਰਸ਼ਾਂ ਦੇ ਜੀਵਨ 'ਤੇ ਚਾਨਣਾ ਪਾਉਣਗੇ | ਗਰਮੀ ਨੂੰ ਮੁੱਖ ਰੱਖਦਿਆਂ ਸੰਗਤਾਂ ਲਈ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਦੇ ਉਚੇਚਾ ਪ੍ਰਬੰਧ ਕੀਤੇ ਜਾ ਰਹੇ ਹਨ |