ਜਗਰਾਉਂ, 21 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਇਕ ਸਿਹਤਮੰਦ ਅਤੇ ਬਿਮਾਰੀ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐੱਲ.ਆਰ.ਐੱਮ ਡੀ.ਏ.ਵੀ ਕਾਲਜ ਜਗਰਾਉਂ ਨੇ ਦਿੱਵਿਆ ਯੋਗਸ਼ਾਲਾ, ਆਰਟ ਆਫ਼ ਲਿਵਿੰਗ ਦੇ ਸਹਿਯੋਗ ਨਾਲ ਅਤੇ ਸ੍ਰੀ ਜੈਨ ਸ਼ਵੇਤਾਂਬਰ ਤੇਰਾ ਪੰਥ ਸਭਾ ਜਗਰਾਉਂ ਦੀ ਨਿਗਰਾਨੀ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਸ਼ਹਿਰ ਵਾਸੀਆਂ ਲਈ ਯੋਗ ਕੈਂਪ ਲਗਾਇਆ ਗਿਆ ਅਤੇ ਸਵੇਰੇ 5:15 ਤੋਂ 7:30 ਵਜੇ ਤੱਕ ਚੱਲੇ ਇਸ ਯੋਗਾ ਸੈਸ਼ਨ ਵਿਚ ਕਾਲਜ ਪਿ੍ੰਸੀਪਲ, ਸਟਾਫ਼ ਮੈਂਬਰਾਂ ਅਤੇ ਸਥਾਨਕ ਲੋਕਾਂ ਸਮੇਤ ਲਗਭਗ 100 ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ | ਸਟੇਜ਼ ਦੀ ਕਾਰਵਾਈ ਸ੍ਰੀ ਸੂਰਿਆ ਕਾਂਤ ਯੋਗਾ ਇੰਸਟਰਕਟਰ, ਸ਼੍ਰੀ ਸ਼ਸ਼ੀ ਜੈਨ ਅਤੇ ਸ਼੍ਰੀ ਓਹਰੀ ਦੁਆਰਾ ਸੁਚਾਰੂ ਢੰਗ ਨਾਲ ਨਿਭਾਈ ਗਈ | ਉਨ੍ਹਾਂ ਕਿਹਾ ਕਿ ਯੋਗਾ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਤੋਂ ਲੋਕਾਂ ਨੂੰ ਠੀਕ ਹੋਣ ਵਿਚ ਮਦਦ ਕਰਕੇ ਇਕ ਇਲਾਜ ਵਾਲੀ ਭੂਮਿਕਾ ਵੀ ਨਿਭਾਉਂਦਾ ਹੈ | ਕਾਲਜ ਦੇ ਪਿ੍ੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਵਲੋਂ ਸਾਰੇ ਸਹਿਯੋਗੀਆਂ, ਪਤਵੰਤਿਆਂ, ਭਾਗੀਦਾਰਾਂ ਅਤੇ ਸਹਾਇਕ ਸਟਾਫ਼ ਦਾ ਧੰਨਵਾਦ ਕੀਤਾ ਤੇ ਇਸ ਦਿਨ ਦੇ ਵਿਸ਼ੇ ਭਾਵ ਅਤੇ ਸਮਾਜ ਲਈ ਯੋਗਾ ਦੇ ਮਹੱਤਵ ਬਾਰੇ ਦੱਸਿਆ |