ਜਗਰਾਉਂ, 15 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਅੰਦਰ ਪ੍ਰਾਪਰਟੀ ਟੈਕਸ ਦੇ ਡਿਫਾਲਟਰ 05 (ਕਮਰਸ਼ੀਅਲ) ਪ੍ਰਾਪਰਟੀਆਂ ਨੂੰ ਬਕਾਇਆ ਰਹਿੰਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਅਤੇ ਬਕਾਇਆਜਾਤ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਸਬੰਧਤ ਪ੍ਰਾਪਰਟੀ ਨੂੰ ਸੀਲ ਕੀਤੇ ਜਾਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ | ਇਹ ਨੋਟਿਸ ਸ੍ਰੀਮਤੀ ਜਸਵੀਰ ਕੌਰ ਪਤਨੀ ਹਰਦਿਆਲ ਸਿੰਘ ਰਾਏਕੋਟ ਰੋਡ ਜਗਰਾਉਂ, ਦਲੀਪ ਸਿੰਘ ਐਂਡ ਕੰਪਨੀ, ਪੈਟਰੋਲ ਪੰਪ, ਰਾਏਕੋਟ ਰੋਡ ਜਗਰਾਉਂ, ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਜੀ.ਟੀ.ਰੋਡ ਮੋਗਾ ਸਾਈਡ ਜਗਰਾਉਂ, ਕੁਲਦੀਪ ਸਿੰਘ ਕੱਚਾ ਮਲਕ ਰੋਡ ਜਗਰਾਉਂ ਅਤੇ ਜੋਗਿੰਦਰ ਸਿੰਘ ਪੁੱਤਰ ਸ੍ਰੀ ਤੁਲਸੀ ਦਾਸ, ਅਨਾਰਕਲੀ ਬਾਜ਼ਾਰ, ਜਗਰਾਉਂ ਨੂੰ ਜਾਰੀ ਕੀਤੇ ਗਏ ਸਨ | ਨੋਟਿਸ ਜਾਰੀ ਹੋਣ ਤੋਂ ਮਿੱਥੇ ਸਮੇਂ ਅੰਦਰ ਉਕਤ ਵਿਅਕਤੀਆਂ ਵਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਅੱਜ ਮਿਤੀ 15 ਅਕਤੂਬਰ ਨੂੰ ਸਥਾਨਕ ਸਰਕਾਰ ਵਿਭਾਗ ਪੰਜਾਬ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਇਹਨਾਂ ਡਿਫਾਲਟਰ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਜਿਸ ਦੌਰਾਨ ਨਗਰ ਕੌਂਸਲ ਜਗਰਾਉਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਮੌਕੇ 'ਤੇ ਕਾਰਵਾਈ ਕਰਨ ਲਈ ਪਹੁੰਚੀ | ਇਸ ਕਾਰਵਾਈ ਦੌਰਾਨ ਸਬੰਧਿਤ ਵਿਅਕਤੀਆਂ ਵਲੋਂ ਪ੍ਰਾਪਰਟੀਆਂ ਸੀਲ ਨਾ ਕਰਨ ਦੀ ਬੇਨਤੀ ਕੀਤੀ ਗਈ ਅਤੇ ਮੌਕੇ 'ਤੇ ਬਕਾਇਆ ਪ੍ਰਾਪਰਟੀ ਟੈਕਸ ਦੀ ਰਕਮ ਦੀ ਅਦਾਇਗੀ ਕੀਤੀ ਗਈ ਜਿਸ ਦੀ ਰਸੀਦ ਕੱਟ ਕੇ ਸਬੰਧਤ ਵਿਅਕਤੀਆਂ ਨੂੰ ਜਾਰੀ ਕੀਤੀ ਗਈ | ਇਸ ਕਾਰਵਾਈ ਦੌਰਾਨ ਲਗਭਗ 10 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ | ਕਾਰਜ ਸਾਧਕ ਅਫ਼ਸਰ ਵਲੋਂ ਦੱਸਿਆ ਗਿਆ ਕਿ ਸਥਾਨਕ ਸਰਕਾਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਇਹ ਕਾਰਵਾਈ ਹੋਰ ਡਿਫਾਲਟਰਾਂ ਦੇ ਖ਼ਿਲਾਫ਼ ਵੀ ਅਮਲ ਵਿਚ ਲਿਆਂਦੀ ਜਾਵੇਗੀ | ਕਾਰਜ ਸਾਧਕ ਅਫ਼ਸਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ਵਿਚ ਅਜਿਹੀ ਕਾਰਵਾਈ ਤੋਂ ਬਚਣ ਲਈ ਆਪਣਾ ਪ੍ਰਾਪਰਟੀ ਟੈਕਸ ਸਮੇਤ ਬਕਾਇਆਜਾਤ ਤੁਰੰਤ ਨਗਰ ਕੌਂਸਲ ਜਗਰਾਉਂ ਵਿਖੇ ਜਮ੍ਹਾਂ ਕਰਵਾਇਆ ਜਾਵੇ | ਨਗਰ ਕੌਂਸਲ ਦੀ ਉਕਤ ਕਾਰਵਾਈ ਦੌਰਾਨ ਨਗਰ ਕੌਂਸਲ ਦੇ ਅਧਿਕਾਰੀ ਜਸਕਿਰਨ ਕੌਰ ਏ.ਟੀ.ਪੀ., ਸ਼ਿਵ ਕੁਮਾਰ ਇੰਸਪੈਕਟਰ (ਜ), ਨਿਰਮਲਜੀਤ ਜੂਨੀਅਰ ਇੰਜੀਨੀਅਰ, ਸਤਿੰਦਰਪਾਲ ਸਿੰਘ ਐੱਸ.ਐੱਫ.ਓ., ਅਮਰਪਾਲ ਸਿੰਘ ਕਲਰਕ, ਤਾਰਕ ਕਲਰਕ, ਦਵਿੰਦਰ ਸਿੰਘ ਗਰਚਾ, ਗੁਰਪ੍ਰੀਤ ਸਿੰਘ ਕਲਰਕ, ਸੋਨੂੰ, ਸਤਨਾਮ ਸਿੰਘ ਵਿੱਕੀ ਆਦਿ ਹਾਜ਼ਰ ਸਨ |