ਹੰਬੜਾਂ, 16 ਅਕਤੂਬਰ (ਮੇਜਰ ਹੰਬੜਾਂ)-'ਆਪ' ਸਰਕਾਰ ਵਲੋਂ ਪਹਿਲਾਂ ਸਾਰਸ ਮੇਲੇ 'ਚ ਅਧਿਆਪਕਾਂ ਦੀ ਡਿਊਟੀ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝੇ ਕੀਤਾ ਤੇ ਹੁਣ ਨਵੇਂ ਫੁਰਮਾਨ ਨਾਲ ਅੱਜ ਸਰਕਾਰੀ ਸਕੂਲਾਂ 'ਚ ਹੋ ਰਹੀ ਮਾਪੇ-ਅਧਿਆਪਕ ਮਿਲਣੀ ਸਮੇਂ ਅਧਿਆਪਕ ਮਾਪਿਆਂ ਦਾ ਬੀ.ਪੀ ਚੈੱਕ ਕਰਨ ਦੇ ਨਵੇਂ ਫੁਰਮਾਨ ਜਾਰੀ ਕੀਤੇ ਗਏ ਹਨ ਤੇ ਅੱਜ ਸਰਕਾਰੀ ਸਕੂਲਾਂ 'ਚ ਅਧਿਆਪਕ ਮਾਪਿਆਂ ਦਾ ਬੀ.ਪੀ ਚੈੱਕ ਕਰਨਗੇ ਤੇ ਉਨ੍ਹਾਂ ਦਾ ਸਾਰਾ ਰਿਕਾਰਡ ਵੀ ਸਕੂਲ 'ਚ ਸਾਂਭ ਕੇ ਰੱਖਣਗੇ | ਸਰਕਾਰ ਦੇ ਇਸ ਫ਼ੈਸਲੇ 'ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਜਿਸ 'ਤੇ ਕਾਂਗਰਸ ਦੇ ਸੂਬਾਈ ਆਗੂ ਮਨਜੀਤ ਸਿੰਘ ਹੰਬੜਾਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਧਿਆਪਕ ਜੋ ਕਿ ਪਹਿਲਾਂ ਹੀ ਪੜ੍ਹਾਉਣ ਦੇ ਨਾਲ-ਨਾਲ ਹੋਰ ਵਾਧੂ ਕੰਮ (ਡਿਊਟੀਆਂ) ਕਰ ਰਹੇ ਹਨ ਤੇ ਉੱਤੋਂ ਹੁਣ ਹਰੇਕ ਮਹੀਨੇ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ 'ਚ ਮਾਸਟਰਾਂ ਨੂੰ ਮਾਪਿਆਂ ਦਾ ਬੀ.ਪੀ ਚੈੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣਾ ਕਿੱਥੋਂ ਦੀ ਸਿਆਣਪ ਹੈ | ਹੰਬੜਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ਦੀ ਗੱਲ ਕਰੀਏ ਤਾਂ ਹੁਣ ਅਧਿਆਪਕ ਸਕੂਲ 'ਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣਗੇ ਜਾਂ ਫਿਰ ਉਨ੍ਹਾਂ ਦਾ ਬੀ.ਪੀ ਚੈੱਕ ਕਰਨਗੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ 'ਆਪ' ਸਰਕਾਰ ਵਲੋਂ ਹਰ ਖੇਤਰ 'ਚ ਮੁਹੱਲਾ ਕਲੀਨਿਕ ਖੋਲੇ੍ਹ ਗਏ ਹਨ ਕੀ ਸਰਕਾਰ ਨੂੰ ਉਨ੍ਹਾਂ ਮੁਹੱਲਾ ਕਲੀਨਿਕਾਂ ਅੰਦਰ ਬੈਠੇ ਡਾਕਟਰਾਂ 'ਤੇ ਭਰੋਸਾ ਨਹੀਂ ਕਿਉਂਕਿ ਰੋਜ਼ਾਨਾਂ ਹੀ ਮੁਹੱਲਾ ਕਲੀਨਿਕਾਂ ਅੰਦਰ ਸੈਂਕੜੇ ਮਰੀਜ਼ ਦਵਾਈ ਲੈਣ ਜਾਂ ਹੋਰ ਟੈਸਟ ਆਦਿ ਕਰਵਾਉਣ ਦੇ ਦਿਖਾਏ ਜਾ ਰਹੇ ਹਨ ਤੇ ਫਿਰ ਉਹ ਕਿਹੜੇ ਮਾਪੇ ਹਨ ਜਿਨ੍ਹਾਂ ਦਾ ਅੱਜ ਬੀ.ਪੀ ਚੈੱਕ ਕੀਤਾ ਜਾਣਾ ਹੈ | ਹੰਬੜਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਪੜ੍ਹਾਈ ਤੋਂ ਸਿਵਾਏ ਹੋਰ ਜੋ ਉਨ੍ਹਾਂ ਦੀਆਂ ਵਾਧੂ ਕੰਮਾਂ 'ਤੇ ਡਿਊਟੀਆਂ ਹਨ ਉਨ੍ਹਾਂ ਤੋਂ ਫਾਰਗ ਕਰੇ |