17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੁਧਾਰ ਅਤੇ ਹਲਵਾਰਾ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼

ਅਜੀਤ ਡੈਸਕ 23-10-2025
ਗੁਰੂਸਰ ਸੁਧਾਰ/ਹਲਵਾਰਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਉੱਭੀ)-ਸੂਬੇ ਅੰਦਰ ਚੱਲ ਰਹੀ ਝੋਨੇ ਦੀ ਸਰਕਾਰੀ ਖ਼ਰੀਦ ਦਰਮਿਆਨ ਸੁਧਾਰ ਤੇ ਹਲਵਾਰਾ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਖ਼ਰਾਬ ਮੌਸਮ ਤੇ ਬਰਸਾਤ ਦੇ ਕਾਰਨ ਫ਼ਸਲ ਦੀ ਕਟਾਈ ਕਈ ਦਿਨਾਂ ਤੱਕ ਪ੍ਰਭਾਵਿਤ ਰਹੀ ਤੇ ਹੁਣ ਮੰਡੀਆਂ 'ਚ ਜਿਣਸ ਦੀਆਂ ਟਰਾਲੀਆਂ ਜ਼ੋਰ ਫੜਨ ਲੱਗੀਆਂ ਹਨ | ਮਾਰਕੀਟ ਕਮੇਟੀ ਦਾਖਾ ਦੇ ਚੇਅਰਮੈਨ ਹਰਨੇਕ ਸਿੰਘ ਸੇਖੋਂ ਦੀ ਅਗਵਾਈ ਤੇ ਸਕੱਤਰ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਦੋਹਾਂ ਮੰਡੀਆਂ ਵਿਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਹਰਜੀਤ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੁਧਾਰ ਵਿਖੇ ਅੱਜ ਤੱਕ 72 ਹਜ਼ਾਰ 72, ਜਦਕਿ ਹਲਵਾਰਾ ਮੰਡੀ ਵਿਖੇ 47 ਹਜ਼ਾਰ 610 ਗੱਟੂ ਝੋਨੇ ਦੀ ਖ਼ਰੀਦ ਅਦਾਰਾ ਪਨਗਰੇਨ ਤੇ ਮਾਰਕਫੈੱਡ ਵਲੋਂ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਜਿਣਸ ਦੀ ਖ਼ਰੀਦ ਦੇ ਨਾਲ-ਨਾਲ ਲਿਫ਼ਟਿੰਗ (ਚੁਕਾਈ) ਦਾ ਕੰਮ ਵੀ ਨਿਯਮਿਤ ਤੌਰ 'ਤੇ ਸਹੀ ਚੱਲ ਰਿਹਾ ਹੈ ਤੇ ਖ਼ਰੀਦੀ ਜਾ ਚੁੱਕੀ ਜਿਣਸ ਵਿਚੋਂ 60 ਫ਼ੀਸਦੀ ਤੋਂ ਵਧੇਰੇ ਲਿਫ਼ਟਿੰਗ ਹੋ ਚੁੱਕੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਪ੍ਰਬੰਧ ਤਸੱਲੀਬਖ਼ਸ਼ ਹਨ ਤੇ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਲਈ ਉਹ ਦੋਹਾਂ ਮੰਡੀਆਂ ਵਿਚ ਖ਼ਰੀਦ ਮੁਕੰਮਲ ਹੋਣ ਤੱਕ ਯਤਨਸ਼ੀਲ ਰਹਿਣਗੇ | ਸੁਪਰਵਾਈਜ਼ਰ ਹਰਜੀਤ ਸਿੰਘ ਅਨੁਸਾਰ ਪਿਛਲੇ ਸਾਲ ਅਨਾਜ ਮੰਡੀ ਸੁਧਾਰ ਅਤੇ ਹਲਵਾਰਾ ਵਿਖੇ ਝੋਨੇ ਦੀ ਕੁੱਲ ਖ਼ਰੀਦ ਨਾਲੋਂ ਇਸ ਸਾਲ ਬੇਮੌਸਮੇ ਮੀਂਹ, ਹਲਦੀ ਰੋਗ ਆਦਿ ਕਾਰਨਾਂ ਦੇ ਚੱਲਦਿਆਂ ਝਾੜ ਘਟਣ ਕਰਕੇ ਖ਼ਰੀਦ ਟੀਚਾ ਘੱਟ ਰਹੇਗਾ | ਇਸ ਮੌਕ ਸੁਪਰਵਾਈਜ਼ਰ ਹਰਜੀਤ ਸਿੰਘ, ਖ਼ਰੀਦ ਏਜੰਸੀਆਂ ਪਨਗਰੇਨ ਦੇ ਇੰਸਪੈਕਟਰ ਰਜੇਸ਼ ਕੁਮਾਰ ਚੋਪੜਾ, ਮਾਰਕਫੈੱਡ ਦੇ ਇੰਸਪੈਕਟਰ ਅਰਸ਼ਦੀਪ ਸਿੰਘ, ਬੋਲੀ ਕਲਰਕ ਸਨੀ ਸਿੰਘ, ਬੋਲੀ ਕਲਰਕ ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਸ਼ਹਿਰ 'ਚ ਜਾਮ ਸੀਵਰੇਜ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਦੀਵਾਲੀ ਸਮੇਂ ਕਾਰ ਸਵਾਰਾਂ ਨੇ ਦੁਕਾਨਦਾਰ ਨਾਲ 15 ਹਜ਼ਾਰ ਦੀ ਠੱਗੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।